ਧੂਰੀ ’ਚ ਸੀਵਰੇਜ ਸਮੱਸਿਆ ਤੋਂ ਔਖੇ ਲੋਕਾਂ ਨੇ ਆਵਾਜਾਈ ਰੋਕੀ
ਧੂਰੀ ਸ਼ਹਿਰ ਦੇ ਕੁਝ ਮੁਹੱਲਿਆਂ ’ਚ ਸੀਵਰੇਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੇ ਅੱਜ ਇੱਥੇ ਮਾਲੇਰਕੋਟਲਾ ਬਾਈਪਾਸ ਨੇੜੇ ਸੰਗਰੂਰ-ਲੁਧਿਆਣਾ ਮੁੱਖ ਮਾਰਗ 3 ਘੰਟੇ ਤੋਂ ਵੱਧ ਸਮਾਂ ਜਾਮ ਕਰਕੇ ਰੱਖਿਆ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੋਕ ਮੰਗ ਕਰ ਰਹੇ ਸਨ ਕਿ ਸੀਐੱਮ ਸਿਟੀ ’ਚ ਸੀਵਰੇਜ ਦੀ ਸਮੱਸਿਆ ਦਾ ਫੌਰੀ ਹੱਲ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਯਾਦ ਰਹੇ ‘ਪੰਜਾਬੀ ਟ੍ਰਿਬਿਊਨ’ ਵੱਲੋਂ ਕੱਲ੍ਹ ਧੂਰੀ ਅੰਦਰਲੀ ਸੀਵਰੇਜ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਗਿਆ ਸੀ। ਧਰਨੇ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਕਾਮਰੇਡ ਸੁਖਦੇਵ ਸ਼ਰਮਾ, ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ, ਕਾਂਗਰਸ ਦੇ ਸੀਨੀਅਰ ਆਗੂ ਸ਼ੁਭਮ ਸ਼ੁਭੀ, ਸਾਬਕਾ ਸਰਪੰਚ ਹਰਦੀਪ ਸਿੰਘ ਦੌਲਤਪੁਰ ਤੇ ਭਾਜਪਾ ਆਗੂ ਰਣਦੀਪ ਸਿੰਘ ਦਿਓਲ ਆਦਿ ਨੇ ਕਿਹਾ ਕਿ ਵਾਰਡ ਨੰਬਰ ਦੋ ਵਿੱਚ ਸੀਵਰੇਜ ਦੀ ਸਮੱਸਿਆ ਕਈ ਮਹੀਨਿਆਂ ਤੋਂ ਹੈ, ਧੂਰੀ ਦੇ ਮਾਲੇਰਕੋਟਲਾ ਰੋਡ ’ਤੇ ਗਊਸ਼ਾਲਾ ਗੇਟ ਦੇ ਸਾਹਮਣੇ ਦੁਕਾਨਦਾਰ ਦੂਰ-ਦੂਰ ਤੱਕ ਖੜ੍ਹੇ ਗੰਦੇ ਪਾਣੀ ਦਾ ਸੰਤਾਪ ਭੋਗ ਰਹੇ ਹਨ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਬੁਲਾਰਿਆਂ ਨੇ ਸ਼ਿਵਪੁਰੀ ਮੁਹੱਲੇ ਅੰਦਰ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਆਉਂਦੇ ਟੂਟੀਆਂ ਦੇ ਪੀਣ ਵਾਲੇ ਪਾਣੀ ਵਿੱਚ ਮਿਲਿਆ ਹੋਣ ਦਾ ਸ਼ੱਕ ਜ਼ਾਹਿਰ ਕੀਤਾ। ਵਪਾਰ ਮੰਡਲ ਧੂਰੀ ਦੇ ਪ੍ਰਧਾਨ ਤੇ ‘ਆਪ’ ਪਾਰਟੀ ਨਾਲ ਸਬੰਧਤ ਆਗੂ ਵਿਕਾਸ ਜੈਨ ਨੇ ਜਿੱਥੇ ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੱਕ ਇੰਚਾਰਜ ਦਾ ਨਾਮ ਲੈ ਕੇ ਤਿੱਖੀ ਨੁਕਤਾਚੀਨੀ ਕੀਤੀ ਉੱਥੇ ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਚਾਪਲੂਸਾਂ ਦੇ ਘੇਰੇ ’ਚੋਂ ਨਿੱਕਲਕੇ ਹਲਕੇ ਦੇ ਲੋਕਾਂ ਦਾ ਦੁੱਖ ਦਰਦ ਸੁਣਨ।
ਇਸ ਮੌਕੇ ਸੀਵਰੇਜ ਬੋਰਡ ਦੇ ਪੁੱਜੇ ਅਧਿਕਾਰੀਆਂ ਨੂੰ ਬੇਰੰਗ ਮੋੜਨ ਮਗਰੋਂ ਸਬੰਧਤ ਤਹਿਸੀਲਦਾਰ ਤੇ ਕਾਰਜਸਾਧਕ ਅਫ਼ਸਰ ਧੂਰੀ ਨੇ ਪਹੁੰਚ ਕੇ ਧਰਨਾ ਚੁਕਵਾਇਆ। ਈਓ ਗੁਰਿੰਦਰ ਸਿੰਘ ਨੇ ਮੰਨਿਆ ਕਿ ਓਵਰਫਲੋ ਦੀ ਸਮੱਸਿਆ ਹੈ ਜਿਸ ਕਰਕੇ ਦੌਲਤਪੁਰ ਵਾਲੇ ਪਾਸੇ ਮੋਟਰ ਵੱਡੀ ਪਾਈ ਜਾਵੇਗੀ ਅਤੇ ਨਗਰ ਕੌਂਸਲ ਵੱਲੋਂ ਜੋ ਗਲੀਆਂ ਉੱਚੀਆਂ ਚੁੱਕਣੀਆਂ ਹਨ ਉਹ 48 ਲੱਖ ਦੀ ਲਾਗਤ ਨਾਲ ਟੈਂਡਰ ਅਗਲੇ ਮਹੀਨੇ ਖੁੱਲ੍ਹੇਗਾ ਅਤੇ 30 ਸਤੰਬਰ ਤੱਕ ਕੰਮ ਸ਼ੁਰੂ ਹੋ ਜਾਵੇਗਾ।