ਖਨੌਰੀ ਵਿੱਚ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਵਿੱਚ ਜੁਟੇ ਲੋਕ
ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸ਼ੁਤਰਾਣਾ, ਨਾਈਵਾਲਾ ਜੋਗੇਵਾਲ ਗੁਲਾੜ ਹੋਤੀਪੁਰ ਸਮੇਤ ਕਈ ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ ਤੇ ਲੋਕ ਆਪ ਮੁਹਾਰੇ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਵਿੱਚ ਜੁੱਟ ਗਏ ਹਨ। ਜਾਣਕਾਰੀ ਅਨੁਸਾਰ ਵਿੱਚ ਖਨੌਰੀ ਵਿੱਚ ਘੱਗਰ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਹੈ। ਸਰਪੰਚ ਹੋਤੀਪੁਰ ਲਵਜੀਤ ਸਿੰਘ, ਜਸਵਿੰਦਰ ਸਿੰਘ, ਗੁਰਜੀਤ ਸਿੰਘ, ਗੁਰਭੇਜ ਸਿੰਘ, ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਘੱਗਰ ਦਰਿਆ ਦਾ ਪਾਣੀ ਵੱਧਦਾ ਘੱਟਦਾ ਰਹਿੰਦਾ ਹੈ ਪਰ ਜਦੋਂ ਇਸ ਵਿੱਚ ਸੱਤ ਅੱਠ ਹੋਰ ਨਦੀ ਨਾਲੇ ਆਉਣ ਡਿੱਗਦੇ ਹਨ ਤਾਂ ਇਹ ਦੂਸਰੇ ਵੱਡੇ ਦਰਿਆਵਾਂ ਵਾਂਗ ਬਹੁਤ ਜ਼ਿਆਦਾ ਮਾਰ ਕਰਦਾ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਹੈ ਕਿ ਜਿਵੇਂ ਘੱਗਰ ਦਰਿਆ ਚੜ੍ਹ ਰਿਹਾ ਹੈ ਤੇ ਇਸ ਦੇ ਸਹਿਯੋਗੀ ਨਦੀਆਂ ਨਾਲੇ ਭਰਕੇ ਆਉਣ ਦੀਆਂ ਖਬਰਾਂ ਲੋਕਾਂ ’ਚ ਸਹਿਮ ਪੈਦਾ ਕਰ ਦਿੱਤਾ ਹੈ ਅੱਜ ਸਵੇਰੇ ਤੋਂ ਮੀਂਹ ਪੈਣ ਕਰਕੇ ਘੱਗਰ ਦਾ ਚੜ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਤੌਰ ’ਤੇ ਬੰਨ੍ਹ ਬੰਨ੍ਹਿਆ ਹੈ ਜਿਹੜਾ ਕਈ ਥਾਵਾਂ ਤੋਂ ਬਹੁਤ ਕਮਜ਼ੋਰ ਹੈ, ਭਰੇ ਘੱਗਰ ਦੌਰਾਨ ਕਦੇ ਵੀ ਰੁੜ੍ਹ ਸਕਦਾ ਹੈ।
ਪਿੰਡ ਹੋਤੀਪੁਰ ਤੋਂ ਬੰਨ੍ਹਾਂ ਦੀ ਮਜ਼ਬੂਤੀ ਕਰਨ ਵਾਲੇ ਮਹਿਤਾਬ ਸਿੰਘ, ਇਕਬਾਲ ਸਿੰਘ, ਲਵਜੋਤ ਸਿੰਘ ਵਿਰਕ, ਬੂਟਾ ਸਿੰਘ, ਸੰਦੀਪ ਸਿੰਘ, ਵਰਿੰਦਰ ਸਿੰਘ, ਰਸੌਲੀ ਤੋਂ ਸਰਬਜੀਤ ਸਿੰਘ ਮਾਂਗਟ, ਸਤਪਾਲ ਸਿੰਘ, ਗੁਰਪ੍ਰੀਤ ਸਿੰਘ ਤੇ ਨਿਰਭੈ ਸਿੰਘ ਕਿਹਾ ਹੈ ਕਿ ਜਿਉਂਦੇ ਜੀ ਆਸ ਉਮੀਦ ਨਹੀਂ ਛੱਡਣੀ ਚਾਹੀਦੀ ਇਸੇ ਕਰਕੇ ਉਹ ਆਪਣੇ ਪਿੰਡਾਂ ਨੂੰ ਬਚਾਉਣ ਲਈ ਬੰਨ੍ਹ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ।