ਪਿੰਡ ਸ਼ਾਦੀਹਰੀ ਦਾ ਛੱਪੜ ਓਵਰਫਲੋਅ ਹੋਣ ਕਰਕੇ ਲੋਕ ਪ੍ਰੇਸ਼ਾਨ
ਰਮੇਸ਼ ਭਾਰਦਵਾਜ
ਲਹਿਰਾਗਾਗਾ, 20 ਜੁਲਾਈ
ਇੱਥੇ ਲਹਿਰਾਗਾਗਾ-ਪਾਂਤੜਾ ਸੜਕ ’ਤੇ ਪੈਂਦੇ ਪਿੰਡ ਸ਼ਾਦੀਹਰੀ ਦਾ ਛੱਪੜ ੳਵਰਫਲੋਅ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਰੂੜ੍ਹੀਆਂ ਤੇ ਘਰਾਂ ਦਾ ਗੰਦਾ ਪਾਣੀ ਇਸ ’ਚ ਪੈ ਕੇ ਪਾਣੀ ਸੜਕ ਤੱਕ ਆ ਜਾਂਦਾ ਹੈ। ਇਸ ਕਾਰਨ ਪਿੰਡ ਦੀਆਂ ਗਲੀਆਂ ਵਿੱਚ ਗੋਡੇ ਗੋਡੇ ਪਾਣੀ ਖੜ੍ਹਨ ਕਾਰਨ ਜਿੱਥੇ ਮਕਾਨਾਂ ਵਿੱਚ ਦਰਾੜਾਂ ਆ ਗਈਆਂ ਹਨ, ਉੱਥੇ ਹੀ ਸਕੂਲੀ ਬੱਚੇ ਵੀ ਇਸ ਦੂਸ਼ਿਤ ਪਾਣੀ ਵਿੱਚੋਂ ਲੰਘ ਕੇ ਸਕੂਲ ਪਹੁੰਚਦੇ ਹਨ। ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਕਿਹਾ ਕਿ ਪਿੰਡ ਵਿੱਚ ਛੱਪੜ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਿਨਾਂ ਘੱਗਰ ਦੇ ਪਾਣੀ ਤੋਂ ਹੀ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਹਨ। ਪਿੰਡ ਵਾਸੀਆਂ ਨੇ ਕਈ ਵਾਰੀ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨ ਕੋਲ ਅਪੀਲ ਕੀਤੀ ਹੈ। ਇਸ ਪਾਣੀ ਕਾਰਨ ਬਹੁਤੇ ਲੋਕਾਂ ਦੇ ਘਰਾਂ ਵਿਚਲੇ ਫਰਸ਼ ਟੁੱਟ ਚੁੱਕੇ ਹਨ। ਪਿੰਡ ਵਿੱਚ ਬਿਮਾਰੀਆਂ ਫ਼ੈਲਣ ਦਾ ਖਤਰਾ ਨਿਰੰਤਰ ਬਣਿਆ ਰਹਿੰਦਾ ਹੈ। ਇਸ ਬਾਰੇ ਪਿੰਡ ਦੇ ਸਰਪੰਚ ਹਰਮੀਤ ਸਿੰਘ ਮੀਤਾ ਨੇ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਪਹਿਲਾਂ ਵੀ ਕਈ ਵਾਰੀ ਪੰਚਾਇਤੀ ਰਾਜ ਦੇ ਐਕਸੀਅਨ ਅਤੇ ਐਸਡੀਓ ਨੂੰ ਮਿਲ ਚੁੱਕੇ ਹਾਂ। ਉਨ੍ਹਾਂ ਵੱਲੋਂ ਇੱਕ ਵਾਰੀ ਟੀਮ ਭੇਜੀ ਗਈ ਸੀ, ਜਿਨ੍ਹਾਂ ਨੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਪ੍ਰਾਜੈਕਟ ਦਾ ਖਰਚਾ 80-90 ਲੱਖ ਰੁਪਏ ਦੱਸਿਆ ਸੀ, ਪ੍ਰੰਤੂ ਸਰਕਾਰ ਵਲੋਂ ਕੁੱਲ ਸੱਤ ਲੱਖ ਰੁਪਏ ਹੀ ਪਾਏ ਹੋਏ ਹਨ। ਜਿਸ ਨਾਲ ਕੁਝ ਵੀ ਨਹੀਂ ਹੋ ਸਕਦਾ। ਇਸ ਸਬੰਧੀ ਪੰਚਾਇਤੀ ਰਾਜ ਦੇ ਐਕਸੀਅਨ ਰਣਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ, ਜਲਦੀ ਹੱਲ ਕੀਤਾ ਜਾਵੇਗਾ ।