ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 15 ਮਾਰਚ
ਇੱਥੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਸਥਿਤ ਬਾਲਦ ਕੈਂਚੀਆਂ ਵਿੱਚ ਨਵੇਂ ਬਣੇ ਸਬ- ਡਿਵੀਜ਼ਨਲ ਦਫਤਰ ਦੇ ਸਾਹਮਣੇ ਪੁਲ ਹੇਠਾਂ ਖੜ੍ਹੇ ਪਾਣੀ ਕਾਰਨ ਦੁਕਾਨਦਾਰਾਂ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਬਾਲਦ ਕੈਂਚੀਆਂ ਤੋਂ ਨਾਭਾ ਨੂੰ ਜਾਣ ਵਾਲੀ ਮੁੱਖ ਸੜਕ ਲੰਬਾ ਸਮਾਂ ਟੁੱਟੀ ਪਈ ਰਹਿਣ ਕਾਰਨ ਲੋਕਾਂ ਅਤੇ ਦੁਕਾਨਦਾਰਾਂ ਨੂੰ ਬਹੁਤ ਤਕਲੀਫ ਝੱਲਣੀ ਪਈ ਸੀ, ਪਰ ਹੁਣ ਇਥੇ ਬਾਲਦ ਕੋਠੀ ਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਹੋਣ ਕਾਰਨ ਗਲੀਆਂ ਨਾਲੀਆਂ ਦਾ ਗੰਦਾ ਪਾਣੀ ਇਸ ਪੁਲ ਹੇਠਾਂ ਬਣੇ ਚੌਕ ਵਿੱਚ ਖੜ੍ਹ ਜਾਂਦਾ ਹੈ ਜਿਸ ਕਾਰਨ ਸਾਰੇ ਵਾਹਨ ਇਸ ਗੰਦੇ ਪਾਣੀ ਵਿੱਚੋਂ ਹੀ ਲੰਘਦੇ ਹਨ। ਦੱਸਣਯੋਗ ਹੈ ਕਿ ਭਵਾਨੀਗੜ੍ਹ ਦੇ ਨਵੇਂ ਬਣੇ ਸਬ-ਡਿਵੀਜ਼ਨਲ ਦਫਤਰ ਵੀ ਫਰਵਰੀ ਵਿੱਚ ਇਥੇ ਬਾਲਦ ਕੈਂਚੀਆਂ ਵਿਚ ਬਣ ਗਿਆ ਹੈ, ਜਿਸ ਦਾ ਉਦਘਾਟਨ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਕੀਤਾ ਗਿਆ ਸੀ। ਇਸ ਦਫ਼ਤਰ ਵਿੱਚ ਜਾਣ ਲਈ ਇਹੋ ਹੀ ਰਸਤਾ ਹੈ ਅਤੇ ਸਾਰੇ ਅਫਸਰ, ਮੁਲਾਜ਼ਮ ਅਤੇ ਲੋਕ ਇਸ ਗੰਦੇ ਪਾਣੀ ਵਿੱਚੋਂ ਹੀ ਗੁਜ਼ਰਦੇ ਹਨ। ਇਲਾਕੇ ਦੇ ਲੋਕਾਂ ਅਤੇ ਦੁਕਾਨਦਾਰਾਂ ਦੀ ਮੰਗ ਹੈ ਕਿ ਇਸ ਗੰਦੇ ਪਾਣੀ ਦੇ ਨਿਕਾਸ ਦਾ ਪੱਕਾ ਪ੍ਰਬੰਧ ਕੀਤਾ ਜਾਵੇ।