ਲੋਹਾ ਬਾਜ਼ਾਰ ਵਾਲੀ ਸੜਕ ਦਾ ਨਿਰਮਾਣ ਰੁਕਣ ਕਾਰਨ ਲੋਕ ਪ੍ਰੇਸ਼ਾਨ
ਸਥਾਨਕ ਸ਼ਹਿਰ ਵਿੱਚ ਸੰਗਰੂਰ ਬਾਈਪਾਸ ਤੋਂ ਮਾਲੇਰਕੋਟਲਾ ਬਾਈਪਾਸ ਤੱਕ ਲੋਹਾ ਬਾਜ਼ਾਰ ਵਾਲੀ ਅੰਦਰੂਨੀ ਸੜਕ ਨੂੰ ਚੌੜਾ ਕਰਨ ਦਾ ਕੰਮ ਵਿਚਾਲੇ ਰੁਕਣ ਕਾਰਨ ਲੋਕ ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਧੂਰੀ ਦੇ ਫਾਟਕਾਂ ਵਾਲੇ ਪਾਸਿਓਂ ਮਾਲੇਰਕੋਟਲਾ ਬਾਈਪਾਸ ਤੱਕ ਸੜਕ ਨੂੰ ਚੌੜਾ ਕਰਨ ਲਈ ਪਿਛਲੇ ਸਾਲ ਸਤੰਬਰ ਮਹੀਨੇ ’ਚ ਕੀਤੀ ਗਈ ਪੱਟ ਪੁਟਾਈ ਮਗਰੋਂ ਸੜਕ ਦੇ ਦੋਵੇਂ ਪਾਸੇ ਬਰਸਾਤੀ ਪਾਣੀ ਖੜ੍ਹਨ ਅਤੇ ਗੰਦਗੀ ਕਾਰਨ ਆਲੇ ਦੁਆਲੇ ਦੇ ਦੁਕਾਨਦਾਰ ਅਤੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। ਮਾਲੇਰਕੋਟਲਾ ਰੋਡ ’ਤੇ ਸਥਿਤ ਦੁਕਾਨਦਾਰਾਂ ਰਾਕੇਸ਼ ਕੁਮਾਰ, ਬੌਬੀ, ਦੇਸ਼ ਰਾਜ, ਤਰਨੀ ਅਤੇ ਰਾਜਿੰਦਰ ਸਿੰਘ ਨਿੱਕਾ ਆਦਿ ਨੇ ਦੱਸਿਆ ਕਿ ਭਾਵੇਂ ਸਰਕਾਰ ਵੱਲੋਂ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਉਪਰਾਲੇ ਤਹਿਤ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ, ਪਰ ਪਿਛਲੇ ਦਸ ਮਹੀਨਿਆਂ ਤੋਂ ਸੜਕ ਨੂੰ ਚੌੜਾ ਕਰਨ ਦਾ ਕੰਮ ਲਟਕਣ ਕਾਰਨ ਪੁਟਾਈ ਵਾਲੀ ਜਗ੍ਹਾ ’ਚ ਖੜ੍ਹਦੇ ਪਾਣੀ ’ਚ ਜਿੱਥੇ ਮੱਛਰ ਪੈਦਾ ਹੋਣ ਕਾਰਨ ਡੇਂਗੂ ਵਰਗੀਆਂ ਗੰਭੀਰ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ ਉਥੇ ਗਾਹਕ ਵੀ ਦੁਕਾਨਾਂ ’ਤੇ ਸਾਮਾਨ ਲੈਣ ਨਹੀਂ ਆਉਂਦੇ। ਉਨ੍ਹਾਂ ਦਾ ਵਪਾਰ ਠੱਪ ਹੋ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਨੂੰ ਚੌੜਾ ਕਰਨ ਕੰਮ ਨੂੰ ਤੁਰੰਤ ਸ਼ੁਰੂ ਕਰਵਾ ਕੇ ਉਨ੍ਹਾਂ ਨੂੰ ਰਾਹ ਦਿੱਤੀ ਜਾਵੇ।
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਿੰਦਰ ਸਿੰਘ ਨੇ ਕਿਹਾ ਕਿ ਕੰਮ ਲੋਕ ਨਿਰਮਾਣ ਵਿਭਾਗ ਦਾ ਹੈ। ਜਦੋਂ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਮੋਹਨੀਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਵਿਚਾਲੇ ਤੋਂ ਬਿਜਲੀ ਦੇ ਖੰਭੇ ਨਾ ਪੁੱਟਣ ਕਾਰਨ ਕੰਮ ’ਚ ਦੇਰੀ ਹੋ ਰਹੀ ਹੈ। ਬਿਜਲੀ ਬੋਰਡ ਵੱਲੋਂ ਖੰਭੇ ਪੁੱਟਣ ਮਗਰੋਂ ਕੰਮ ਤੁਰੰਤ ਸ਼ੁਰੂ ਕੀਤੀ ਜਾਵੇਗਾ।