ਸੰਗਰੂਰ ਵਿੱਚ ਸਫਾਈ ਨਾ ਹੋਣ ਕਾਰਨ ਲੋਕ ਔਖੇ
ਸ਼ਹਿਰ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ ਅਤੇ ਸ਼ਹਿਰ ਵਾਸੀ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਹ ਸਮੱਸਿਆ ਭਾਵੇਂ ਸੀਵਰੇਜ ਦੀ ਹੋਵੇ, ਟੁੱਟੀਆਂ ਸੜਕਾਂ ਦੀ ਹੋਵੇ, ਸਾਫ਼ ਸਫ਼ਾਈ ਦੀ ਹੋਵੇ ਜਾਂ ਫ਼ਿਰ ਸਟਰੀਟ ਲਾਈਟਾਂ ਦੀ ਹੋਵੇ, ਭਾਵ...
ਸ਼ਹਿਰ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ ਅਤੇ ਸ਼ਹਿਰ ਵਾਸੀ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਹ ਸਮੱਸਿਆ ਭਾਵੇਂ ਸੀਵਰੇਜ ਦੀ ਹੋਵੇ, ਟੁੱਟੀਆਂ ਸੜਕਾਂ ਦੀ ਹੋਵੇ, ਸਾਫ਼ ਸਫ਼ਾਈ ਦੀ ਹੋਵੇ ਜਾਂ ਫ਼ਿਰ ਸਟਰੀਟ ਲਾਈਟਾਂ ਦੀ ਹੋਵੇ, ਭਾਵ ਕਿਸੇ ਵੀ ਪੱਖੋਂ ਯੋਗ ਪ੍ਰਬੰਧ ਨਜ਼ਰ ਨਹੀਂ ਆ ਰਹੇ। ਵਜ੍ਹਾ ਇਹ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਵਾਲੀ ਨਗਰ ਕੌਂਸਲ ਦੇ ਹਾਲਾਤ ਵੀ ਕਿਸੇ ਸਮੱਸਿਆ ਤੋਂ ਘੱਟ ਨਹੀਂ ਹਨ। ਸਮੱਸਿਆਵਾਂ ਦਾ ਹੱਲ ਨਾ ਹੋਣ ਤੋਂ ਖਫ਼ਾ ਹੋ ਕੇ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ 8 ਕੌਂਸਲਰ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ ਜਦੋਂ ਕਿ 2 ਕੌਂਸਲਰ ਆਪਣੀ ਹਮਾਇਤ ਵਾਪਸ ਲੈ ਚੁੱਕੇ ਹਨ। ਇਹ ਸਿਆਸੀ ਘਟਨਾਕ੍ਰਮ ਵਾਪਰੇ ਨੂੰ ਵੀ ਕਰੀਬ ਦੋ ਹਫ਼ਤੇ ਬੀਤ ਚੁੱਕੇ ਹਨ ਪਰ ਨਾ ਤਾਂ ਸੱਤਾਧਾਰੀ ਧਿਰ ਨੇ ਕੋਈ ਫੈਸਲਾ ਲਿਆ ਅਤੇ ਨਾ ਹੀ ਪ੍ਰਸ਼ਾਸਨ ਜਾਂ ਨਗਰ ਕੌਂਸਲ ਵਲੋਂ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਕਦਮ ਚੁੱਕੇ ਹਨ ਜਿਸ ਦਾ ਖਮਿਆਜ਼ਾ ਸ਼ਹਿਰ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸ਼ਹਿਰ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਸ਼ਹਿਰ ਦੇ ਸਿਵਲ ਹਸਪਤਾਲ ਦੀ ਕੰਧ ਦੇ ਨਾਲ ਕੂੜੇ ਦੇ ਢੇਰ ਲੱਗੇ ਪਏ ਹਨ ਅਤੇ ਕੂੜਾ ਸਟੇਟ ਹਾਈਵੇਅ-11 ਉਪਰ ਖਿੱਲਰ ਰਿਹਾ ਹੈ ਜਿਸ ਕਾਰਨ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੋਇਆ ਪਿਆ ਹੈ। ਹਰੀਪੁਰਾ ਰੋਡ ’ਤੇ ਵੀ ਕੂੜੇ ਦੇ ਢੇਰ ਲੱਗੇ ਹੋਏ ਹਨ। ਸ਼ਹਿਰ ਦੀ ਰਣਬੀਰ ਕਲੱਬ ਵਿੱਚ ਵੀ ਕੂੜੇ ਦੇ ਢੇਰ ਲੱਗੇ ਪਏ ਹਨ। ਇਸ ਤੋਂ ਇਲਾਵਾ ਡੀ ਸੀ ਕੰਪਲੈਕਸ ਦੀ ਕੰਧ ਨਾਲ ਵੀ ਕੂੜਾ ਖਿੱਲਰਦਾ ਨਜ਼ਰ ਆਉਂਦਾ ਹੈ। ਸ਼ਹਿਰ ਦੀਆਂ ਅਨੇਕਾਂ ਥਾਵਾਂ ਹਨ ਜੋ ਕੂੜੇ ਦੀ ਲਪੇਟ ਵਿੱਚ ਹਨ। ਨਗਰ ਕੌਂਸਲਰ ਅਵਤਾਰ ਸਿੰਘ ਤਾਰਾ ਭਾਵੇਂ ਆਮ ਆਦਮੀ ਪਾਰਟੀ ਦੇ ਝਾੜੂ ਨੂੰ ਛੱਡ ਚੁੱਕਿਆ ਹੈ ਪਰ ਕੂੜੇ ਦੀ ਸਫ਼ਾਈ ਲਈ ਉਸ ਨੂੰ ਖੁਦ ਹੀ ਝਾੜੂ ਚੁੱਕਣਾ ਪੈ ਰਿਹਾ ਹੈ। ਪਿਛਲੇ ਦਿਨੀਂ ਬਲਾਕ ਕਾਂਗਰਸ ਦੇ ਵਫ਼ਦ ਅਤੇ ਪਾਰਟੀ ਦੇ ਕੌਂਸਲਰਾਂ ਨੇ ਡਿਪਟੀ ਕਮਿਸ਼ਨਰ ਦੇ ਨਾਂ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਸੀ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਮੰਗ ਕੀਤੀ ਸੀ। ਸੱਤਾਧਾਰੀ ਪਾਰਟੀ ਨੂੰ ਅਲਵਿਦਾ ਆਖ ਚੁੱਕੇ 8 ਕੌਂਸਲਰਾਂ ਸਮੇਤ 10 ਕੌਂਸਲਰ ਵੀ ਡਿਪਟੀ ਕਮਿਸ਼ਨਰ ਨੂੰ ਸਮੱਸਿਆਵਾਂ ਦੇ ਹੱਲ ਦੀ ਮੰਗ ਕਰ ਚੁੱਕੇ ਹਨ ਪਰ ਪਰਨਾਲਾ ਉਥੇ ਦਾ ਉਥੇ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਓਬੀਸੀ ਵਿੰਗ ਦੇ ਸੂਬਾ ਉਪ ਚੇਅਰਮੈਨ ਹਰਪਾਲ ਸਿੰਘ ਸੋਨੂੰ ਨੇ ਅੱਜ ਹਰੀਪੁਰਾ ਰੋਡ ’ਤੇ ਲੱਗਿਆ ਕੂੜੇ ਦਾ ਢੇਰ ਵਿਖਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਸ਼ਹਿਰ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰਾਂ ’ਤੇ ਲਾਵਾਰਸ ਪਸ਼ੂ ਘੁੰਮਦੇ ਰਹਿੰਦੇ ਹਨ। ਜਿਥੇ ਕੂੜੇ ਦੇ ਢੇਰਾਂ ਕਾਰਨ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਉਥੇ ਲਾਵਾਰਸ ਪਸ਼ੂਆਂ ਕਾਰਨ ਸੜਕ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਮੱਸਿਆਵਾਂ ਦਾ ਤੁਰੰਤ ਹੱਲ ਕਰਵਾਇਆ ਜਾਵੇ।

