ਪੈਨਸ਼ਨਰਾਂ ਵੱਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਅਹਿਦ
ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਦਸੰਬਰ
ਆਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵਲੋਂ ਸਾਲਾਨਾ ਪੈਨਸ਼ਨਰ ਦਿਹਾੜਾ ਸਥਾਨਕ ਪ੍ਰਾਚੀਨ ਸ਼ਿਵ ਮੰਦਿਰ ਦੇ ਹਾਲ ’ਚ ਮਨਾਇਆ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਗੀਤਾਂਜਲੀ ਛਾਬੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਪ੍ਰਧਾਨਗੀ ਜ਼ਿਲ੍ਹਾ ਪੁਲੀਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਵੱਲੋਂ ਕੀਤੀ ਗਈ। ਸਾਬਕਾ ਚੀਫ ਫਾਰਮੇਸੀ ਅਫਸਰ ਕਮਲ ਨਰਾਇਣ ਸ਼ਰਮਾ ਅਤੇ ਸਰੂਪ ਸਿੰਘ ਸਾਬਕਾ ਚੇਅਰਮੈਨ ਬਲਾਕ ਸਮਿਤੀ ਸੰਗਰੂਰ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਐਸੋਸੀਏਸ਼ਨ ਦੇ ਸਰਪ੍ਰਸਤ ਜਗਦੀਸ਼ ਸ਼ਰਮਾ, ਪ੍ਰਧਾਨ ਸੁਰਿੰਦਰ ਕੁਮਾਰ ਬਾਲੀਆਂ, ਭਰਥਰੀ ਸ਼ਰਮਾ ਤੇ ਬਿੱਕਰ ਸਿੰਘ ਸਿਬੀਆ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦਾ ਬਕਾਇਆ, 252 ਮਹੀਨਿਆਂ ਦੇ ਡੀਏ ਦਾ ਬਕਾਇਆ ਤੇ ਡੀਏ ਦੀਆਂ ਕਿਸ਼ਤਾਂ ਆਦਿ ਬਕਾਏ ਦੱਬੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਮੀਟਿੰਗਾਂ ਦਾ ਸਮਾਂ ਦੇ ਕੇ ਕਦੇ ਮੀਟਿੰਗ ਨਹੀਂ ਕੀਤੀ। ਸਮਾਗਮ ਦੌਰਾਨ ਪੈਨਸ਼ਨਰਾਂ ਵਲੋਂ ਸਰਕਾਰ ਦੇ ਵਤੀਰੇ ਦੀ ਸਖਤ ਨਿਖੇਧੀ ਕਰਦਿਆਂ ਸੰਘਰਸ਼ ਨੂੰ ਤੇਜ਼ ਕਰਨ ਦਾ ਅਹਿਦ ਲਿਆ। ਇਸ ਮੌਕੇ 75 ਸਾਲਾਂ ਬਜ਼ੁਰਗ ਪੈਨਸ਼ਨਰਾਂ ਅਤੇ ਜਥੇਬੰਦੀ ਨੂੰ ਸਮਰਪਿਤ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੇ ਡੇਰਾ ਬਾਬਾ ਪੋਥੀ ਵਾਲਾ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਬਲਾਕ ਭਵਾਨੀਗੜ੍ਹ ਵੱਲੋਂ ਗੋਪਾਲ ਕ੍ਰਿਸ਼ਨ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਦਿਵਸ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਗੁਰਚਰਨ ਸਿੰਘ ਚਹਿਲ ਸੇਵਾਮੁਕਤ ਡਿਪਟੀ ਡਾਇਰੈਕਟਰ ਸੰਗਰੂਰ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਅਤੇ ਆਰਐੱਲ ਪਾਂਧੀ ਨੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ਦਾ ਗੰਭੀਰ ਨੋਟਿਸ ਲਿਆ। 75 ਸਾਲ ਤੋਂ ਵੱਡੀ ਉਮਰ ਦੇ ਪੈਨਸ਼ਨਰਾਂ ਦਾ ਸਨਮਾਨ ਕੀਤਾ ਗਿਆ।
ਦਿੜ੍ਹਬਾ ਵਿੱਚ ਪੈਨਸ਼ਨਰ ਦਿਹਾੜਾ ਮਨਾਇਆ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਿੜ੍ਹਬਾ ਵੱਲੋਂ ਐਸੋੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਕ੍ਰਿਸ਼ਨ ਚੰਦ, ਅਜੀਤ ਸਿੰਘ ਕੌਹਰੀਆਂ, ਮੇਜਰ ਸਿੰਘ ਸਮੂੰਰਾਂ ਤੇ ਚਿਰੰਜੀ ਲਾਲ ਦੀ ਅਗਵਾਈ ਹੇਠ ਪੈਨਸ਼ਨਰ ਦਿਹਾੜਾ ਮਨਾਇਆ ਗਿਆ, ਜਿਸ ਵਿੱਚ ਸੂਬੇ ਦੇ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਤੇ ਜ਼ਿਲ੍ਹਾ ਜਨਰਲ ਸਕੱਤਰ ਆਰਐਲ ਪਾਂਧੀ ਸ਼ਾਮਲ ਹੋਏ। ਇਸ ਮੌਕੇ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਪੈਨਸ਼ਨ ਸੇਵਾਮੁਕਤ ਮੁਲਾਜ਼ਮਾਂ ਦਾ ਹੱਕ ਹੈ ਕੋਈ ਭੀਖ ਨਹੀਂ ਕਿਉਂਕਿ ਪੈਨਸ਼ਨ ਨਾਲ ਮੁਲਾਜ਼ਮਾਂ ਦੀ ਜ਼ਿੰਦਗੀ ਜੁੜੀ ਹੋਈ ਹੈ ਅਤੇ ਪੈਨਸ਼ਨ ਹੀ ਮੁਲਾਜ਼ਮ ਦਾ ਸਨਮਾਨ ਹੈ। ਇਸ ਦੌਰਾਨ ਪੰਜ ਸੀਨੀਅਰ ਪੈਨਸ਼ਨਰਾਂ ਡਾ. ਅਮਰੀਕ ਸਿੰਘ, ਗੁਰਮੀਤ ਸਿੰਘ ਖੇਤਲਾ, ਭੀਮ ਮੌੜ, ਚਰਨਜੀਤ ਕੌਹਰੀਆਂ ਅਤੇ ਲਛਮਣ ਸਿੰਘ ਰੋਗਲਾ ਦਾ ਸਨਮਾਨ ਕੀਤਾ ਗਿਆ। ਸਮਾਗਮ ਨੂੰ ਜਤਿੰਦਰ ਭਾਰਤਵਾਜ, ਹਰਕੇਸ਼ ਸਿੰਘ ਦਿੜ੍ਹਬਾ ਤੇ ਚੰਦ ਸਿੰਘ ਰੋਗਲਾ ਆਦਿ ਨੇ ਸੰਬੋਧਨ ਕੀਤਾ।