ਮਾੜੇ ਨਿਕਾਸੀ ਪ੍ਰਬੰਧਾਂ ਕਾਰਨ ਬਠਿੰਡਾ-ਜ਼ੀਰਕਪੁਰ ’ਤੇ ਸਥਿਤ ਬਾਲਦ ਕੈਂਚੀਆਂ ਵਿੱਚ ਨਵੇਂ ਬਣੇ ਸਬ ਡਿਵੀਜ਼ਨਲ ਦਫ਼ਤਰ ਦੇ ਸਾਹਮਣੇ ਓਵਰ ਬ੍ਰਿਜ ਹੇਠਾਂ ਖੜ੍ਹੇ ਗੰਦੇ ਪਾਣੀ ਕਾਰਨ ਰਾਹਗੀਰ ਪ੍ਰੇਸ਼ਾਨ ਹਨ। ਇਥੇ ਹਰ ਰੋਜ਼ ਹਾਦਸੇ ਵਾਪਰ ਰਹੇ ਹਨ ਅਤੇ ਦੁਕਾਨਦਾਰਾਂ ਤੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੰਦੇ ਪਾਣੀ ’ਚ ਇਕ ਟਰੈਕਟਰ ਟਰਾਲੀ ਪਲਟ ਗਿਆ।
ਜਾਣਕਾਰੀ ਅਨੁਸਾਰ ਭਵਾਨੀਗੜ੍ਹ ਸ਼ਹਿਰ ਦੀ ਕਲੋਨੀ ਬਾਲਦ ਕੋਠੀ ਦੇ ਘਰਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਸਾਰਾ ਗੰਦਾ ਪਾਣੀ ਮੁੱਖ ਸੜਕ ’ਤੇ ਖੜ੍ਹ ਜਾਂਦਾ ਹੈ। ਹੁਣ ਮੁੱਖ ਮਾਰਗ ’ਤੇ ਓਵਰ ਬ੍ਰਿਜ ਹੇਠਾਂ ਖੜ੍ਹੇ ਇਸ ਗੰਦੇ ਪਾਣੀ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। ਇਸ ਵਿੱਚ ਰੋਜ਼ਾਨਾ ਕਾਰਾਂ, ਮੋਟਰਸਾਈਕਲ, ਟਰੱਕ ਅਤੇ ਹੋਰ ਵਹੀਕਲ ਫ਼ਸ ਜਾਂਦੇ ਹਨ। ਇਸੇ ਤਰ੍ਹਾਂ ਦੁਕਾਨਾਂ ਅੱਗੇ ਖੜ੍ਹੇ ਗੰਦੇ ਪਾਣੀ ਕਾਰਨ ਕੋਈ ਵੀ ਗਾਹਕ ਦੁਕਾਨ ’ਤੇ ਨਹੀਂ ਆਉਂਦਾ। ਦੱਸਣਯੋਗ ਹੈ ਕਿ ਭਵਾਨੀਗੜ੍ਹ ਦੇ ਨਵੇਂ ਬਣੇ ਸਬ ਡਿਵੀਜ਼ਨਲ ਦਫਤਰ ਵਿੱਚ ਜਾਣ ਲਈ ਵੀ ਇਹੋ ਹੀ ਰਸਤਾ ਹੈ ਅਤੇ ਸਾਰੇ ਅਫਸਰ, ਮੁਲਾਜ਼ਮ ਅਤੇ ਲੋਕ ਇਸ ਗੰਦੇ ਪਾਣੀ ਵਿੱਚੋਂ ਹੀ ਲੰਘਦੇ ਹਨ। ਇਸ ਮਸਲੇ ਨੂੰ ਹੱਲ ਕਰਵਾਉਣ ਲਈ ਵੱਖ-ਵੱਖ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਸਮੇਤ ਦੁਕਾਨਦਾਰਾਂ ਵੱਲੋਂ ਕਈ ਵਾਰ ਰੋਸ ਪ੍ਰਦਰਸਨ ਕਰਨ ਤੋਂ ਬਾਅਦ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਪੰਜ ਮਹੀਨੇ ਪਹਿਲਾਂ ਭਰੋਸਾ ਦਿਵਾਇਆ ਗਿਆ ਸੀ ਕਿ ਪਾਣੀ ਦੇ ਨਿਕਾਸ ਨੂੰ ਸ਼ਹਿਰ ਦੇ ਸੀਵਰੇਜ ਨਾਲ ਜੋੜਨ ਲਈ ਨਗਰ ਕੌਂਸਲ ਵੱਲੋਂ ਮਤਾ ਪਾਸ ਕਰ ਦਿੱਤਾ ਗਿਆ ਹੈ ਅਤੇ ਇਹ ਮਸਲਾ ਕੁੱਝ ਹਫ਼ਤਿਆਂ ਵਿਚ ਹੱਲ ਹੋ ਜਾਵੇਗਾ ਪਰ ਅਜੇ ਤੱਕ ਪਰਨਾਲਾ ਉਥੇ ਦਾ ਉਥੇ ਹੀ ਹੈ। ਇਸ ਸਬੰਧੀ ਸ਼ਹਿਰ ਵਾਸੀ ਹਰਵਿੰਦਰ ਸਿੰਘ ਗੋਲਡੀ, ਗੁਰਪ੍ਰੀਤ ਸਿੰਘ ਕੰਧੋਲਾ, ਗੁਰਮੀਤ ਸਿੰਘ ਜ਼ੈਲਦਾਰ ਨੇ ਆਖਿਆ ਕਿ ਜੇਕਰ ਇਹ ਮਸਲਾ ਜਲਦੀ ਹੱਲ ਨਹੀਂ ਕੀਤਾ ਗਿਆ ਤਾਂ ਉਹ ਵੱਡਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ।
ਤਕਨੀਕੀ ਨੁਕਸ ਕਾਰਨ ਕੰਮ ਸ਼ੁਰੂ ਨਹੀਂ ਹੋ ਸਕਿਆ: ਭਰਾਜ
ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਕੁਝ ਤਕਨੀਕੀ ਨੁਕਸ ਕਾਰਨ ਟੈਂਡਰ ਪਾਉਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਜਲਦੀ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

