ਪਟਿਆਲਾ ਪੁਲੀਸ ਨੇ ਫਲੈਗ ਮਾਰਚ ਕੀਤਾ
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲੀਸ ਨੇ ਅੱਜ ਇੱਥੇ ਵੱਖ ਵੱਖ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ। ਇਸ ਦੌਰਾਨ ਅਮਲ ਨੂੰ ਨਿਰਪੱਖ, ਪਾਰਦਰਸ਼ੀ, ਅਮਨ-ਅਮਾਨ ਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਦੀ ਵਚਨਬੱਧਤਾ ਪ੍ਰਗਟਾਈ। ਇਸ ਦੌਰਾਨ ਪੁਲੀਸ ਇੱਥੇ...
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲੀਸ ਨੇ ਅੱਜ ਇੱਥੇ ਵੱਖ ਵੱਖ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ। ਇਸ ਦੌਰਾਨ ਅਮਲ ਨੂੰ ਨਿਰਪੱਖ, ਪਾਰਦਰਸ਼ੀ, ਅਮਨ-ਅਮਾਨ ਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਦੀ ਵਚਨਬੱਧਤਾ ਪ੍ਰਗਟਾਈ। ਇਸ ਦੌਰਾਨ ਪੁਲੀਸ ਇੱਥੇ ਸਰਹਿੰਦ ਰੋਡ ’ਤੇ ਸਥਿਤ ਪਿੰਡ ਬਾਰਨ ਵਿੰਚ ਐੱਸ ਪੀ ਹੈਡਕੁਆਰਟਰ ਵੈਭਵ ਚੌਧਰੀ ਤੇ ਐੱਸ ਪੀ ਸਿਟੀ ਪਲਵਿੰਦਰ ਚੀਮਾ ਦੀ ਅਗਵਾਈ ਹੇਠ ਇਕੱਠੀ ਹੋਈ ਪੁਲੀਸ ਫੋਰਸ ਨੇ ਚੋਣਾਂ ਵਾਲੇ ਕਈ ਪਿੰਡਾਂ ’ਚ ਫਲੈਗ ਮਾਰਚ ਕੀਤਾ।
ਇਸ ਫਲੈਗ ਮਾਰਚ ਦੀ ਅਗਵਾਈ ਕਰਦਿਆਂ ਡੀ ਆਈ ਜੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਵੋਟਾਂ ਦੌਰਾਨ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਆਪਣੇ ਹੱਥ ’ਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ-ਭੈਅ ਤੋਂ ਵੋਟਾਂ ਪਾਉਣ ਲਈ ਪ੍ਰੇਰਿਆ।
ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲੀਸ ਨੇ ਚੋਣਾਂ ਲਈ ਸੁਰੱਖਿਆ ਰਣਨੀਤੀ ਬਣਾ ਲਈ ਹੈ। ਜ਼ਿਲ੍ਹੇ ਅੰਦਰ ਸਿਵਲ ਪ੍ਰਸ਼ਾਸਨ ਤੇ ਪੁਲੀਸ ਵੱਲੋਂ ਪਛਾਣ ਕੀਤੇ 21 ਅਤਿ-ਸੰਵੇਦਨਸ਼ੀਲ ਅਤੇ 159 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਵਿੱਚ ਵਾਧੂ ਸੁਰੱਖਿਆ ਫੋਰਸ ਦੀ ਤਾਇਨਾਤੀ ਵੀ ਕੀਤੀ ਜਾਵੇਗੀ।
ਪਟਿਆਲਾ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਨਾਜ਼ਾਇਜ ਸ਼ਰਾਬ, ਹਥਿਆਰਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਨਗ਼ਦੀ ਦੇ ਗ਼ੈਰਕਾਨੂੰਨੀ ਪ੍ਰਵਾਹ ਨੂੰ ਰੋਕਣ ਲਈ ਸਾਂਝੇ ਅੰਤਰਰਾਜੀ ਸਾਂਝੇ ਨਾਕੇ ਵੀ ਲਾ ਦਿੱਤੇ ਗਏ ਹਨ।
ਐੱਸ ਪੀ ਵੈਭਵ ਚੌਧਰੀ ਨੇ ਦੱਸਿਆ ਕਿ ਜਿਲ੍ਹੇ ਭਰ ’ਚ 207 ਨਾਨ ਗਜਟਿਡ ਅਫ਼ਸਰਾਂ ਸਣੇ ਹੋਰ ਪੁਲੀਸ ਅਧਿਕਾਰੀ ਤੇ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਪਲਵਿੰਦਰ ਚੀਮਾ ਨੇ ਦੱਸਿਆ ਕਿ ਇਸ ਫਲੈਗ ਮਾਰਚ ਦਾ ਮੰਤਵ ਵੋਟਰਾਂ ’ਚ ਇਹ ਸੁਨੇਹਾ ਪਹੁੰਚਾਉਣਾ ਹੈ ਕਿ ਉਹ ਬਿਨ੍ਹਾਂ ਕਿਸੇ ਡਰ ਭੈ ਤੋਂ ਵੋਟਾਂ ਪਾਉਣ। ਇਸ ਮੌਕੇ ਡੀ ਐੱਸ ਪੀਜ ਸਤਨਾਮ ਸੰਘਾ ਤੇ ਜੰਗਜੀਤ ਰੰਧਾਵਾ ਸਣੇ ਥਾਣਾ ਮੁਖੀ ਗੁਰਨਾਮ ਘੁੰਮਣ, ਸੁਖਵਿੰਦਰ ਗਿੱਲ ਆਦਿ ਵੀ ਮੌਜੂਦ ਸਨ।
ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ: ਅੱੈਸ ਐੱਸ ਪੀ
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਨਿਰਪੱਖ, ਸ਼ਾਂਤੀਪੂਰਨ ਅਤੇ ਸੁਰੱਖਿਅਤ ਮਾਹੌਲ ਵਿੱਚ ਕਰਵਾਉਣ ਲਈ ਮਾਲੇਰਕੋਟਲਾ ਪੁਲੀਸ ਨੇ ਅੱਜ ਇਲਾਕੇ ਅੰਦਰ ਫਲੈਗ ਮਾਰਚ ਕੀਤਾ। ਇਸ ਦੀ ਅਗਵਾਈ ਐੱਸ ਐੱਸ ਪੀ ਗਗਨ ਅਜੀਤ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਲਈ ਮਜ਼ਬੂਤ ਸੁਰੱਖਿਆ ਪ੍ਰਬੰਧ ਕੀਤੇ ਹਨ। ਐੱਸ ਐੱਸ ਪੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 257 ਪੋਲਿੰਗ ਸਟੇਸ਼ਨ ਸਥਾਪਿਤ ਹੋਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੱਕੀ ਹਲਚਲ, ਕੋਈ ਵੀ ਤਣਾਅਪੂਰਨ ਸਥਿਤੀ ਜਾਂ ਐਮਰਜੈਂਸੀ ਮੌਕੇ ਹੈਲਪਲਾਈਨ 112 ’ਤੇ ਤੁਰੰਤ ਸੰਪਰਕ ਕੀਤਾ ਜਾਵੇ। ਇਸ ਮੌਕੇ ਐੱਸ ਪੀ (ਐੱਚ) ਗੁਰਸ਼ਰਨਜੀਤ ਸਿੰਘ, ਐੱਸ ਪੀ (ਡੀ) ਸਤਪਾਲ ਸ਼ਰਮਾ, ਡੀ ਐੱਸ ਪੀ ਯਾਦਵਿੰਦਰ ਸਿੰਘ ਸਣੇ ਸੀਨੀਅਰ ਪੁਲੀਸ ਅਫ਼ਸਰ ਮੌਜੂਦ ਸਨ।

