ਬੈਡਮਿੰਟਨ ਵਿੱਚ ਪਟਿਆਲਾ ਦੀਆਂ ਲੜਕੀਆਂ ਦਾ ਦੂਜਾ ਸਥਾਨ
ਲਡ਼ਕਿਆਂ ਦੇ ਮੁਕਾਬਲੇ ’ਚ ਅੰਮ੍ਰਿਤਸਰ ਮੋਹਰੀ; ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ
ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿੱਚ ਚੱਲ ਰਹੀਆਂ 45ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਯਾਦਗਾਰੀ ਹੋ ਨਿੱਬੜੀਆਂ। ਆਖ਼ਰੀ ਦਿਨ ਬੈਡਮਿੰਟਨ ਦੇ ਫਸਵੇਂ ਮੁਕਾਬਲੇ ਹੋਏ। ਬੈਡਮਿੰਟਨ (ਲੜਕੇ) ਦੇ ਮੁਕਾਬਲੇ ਵਿਚ ਅੰਮ੍ਰਿਤਸਰ ਸਾਹਿਬ ਨੇ ਪਹਿਲਾ, ਮੁਕਤਸਰ ਸਾਹਿਬ ਨੇ ਦੂਜਾ ਅਤੇ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਪਹਿਲਾ ਸਥਾਨ, ਪਟਿਆਲਾ ਨੇ ਦੂਜਾ ਸਥਾਨ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ।
ਬੈਡਮਿੰਟਨ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਪਟਿਆਲਾ ਸ਼ਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ ਵੱਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਅਧਿਕਾਰੀਆਂ ਨੇ ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ 2025-26 ਦੇ ਸਫਲ ਆਯੋਜਨ ਲਈ ਵੱਖ-ਵੱਖ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਇਹੋ ਜਿਹੇ ਰਾਜ ਪੱਧਰੀ ਕਾਰਜ ਸਾਰੀਆਂ ਕਮੇਟੀਆਂ ਦੇ ਆਪਸੀ ਸਹਿਯੋਗ ਅਤੇ ਇੱਕਜੁੱਟਤਾ ਨਾਲ ਹੀ ਪੂਰਨ ਹੁੰਦੇ ਹਨ। ਇਸ ਮੌਕੇ ਬਲਾਕ ਭਾਦਸੋਂ-2 ਦੇ ਬੀ ਪੀ ਈ ਓ ਜਗਜੀਤ ਸਿੰਘ ਨੌਹਰਾ, ਬਲਾਕ ਡਾਹਰੀਆਂ ਦੇ ਬੀ ਪੀ ਈ ਓ ਸੁਰਜੀਤ ਸਿੰਘ, ਬਲਾਕ ਰਾਜਪੁਰਾ-1 ਦੇ ਬੀ ਪੀ ਈ ਓ ਹਰਬੰਸ ਸਿੰਘ, ਬਲਾਕ ਸਮਾਣਾ-3 ਦੇ ਬੀ ਪੀ ਈ ਓ ਗੁਰਪ੍ਰੀਤ ਸਿੰਘ, ਬਲਾਕ ਸਮਾਣਾ-2 ਦੇ ਬੀ ਪੀ ਈ ਓ ਗੋਪਾਲ ਕ੍ਰਿਸ਼ਨ, ਬਲਾਕ ਭਾਦਸੋਂ-1 ਦੇ ਬੀ ਪੀ ਈ ਓ ਅਖ਼ਤਰ ਸਲੀਮ, ਬਲਾਕ ਰਾਜਪੁਰਾ-2 ਦੇ ਬੀ ਪੀ ਈ ਓ ਮਨਜੀਤ ਕੌਰ, ਬਲਾਕ ਭੁਨਰਹੇੜੀ-1 ਦੇ ਬੀ ਪੀ ਈ ਓ ਬਲਵੀਰ ਕੌਰ, ਬਲਾਕ ਬਾਬਰਪੁਰ ਦੇ ਬੀ ਪੀ ਈ ਓ ਮੇਜਰ ਸਿੰਘ ਤੇ ਬੀ ਪੀ ਈ ਓ ਭਰਤ ਭੂਸ਼ਣ ਹੋਰ ਹਾਜ਼ਰ ਸਨ।

