ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ 14 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਚੋਣਾਂ ਸਬੰਧੀ 4 ਦਸੰਬਰ ਨੂੰ ਨਾਮਜਦਗੀਆਂ ਦਾ ਕੰਮ ਮੁਕੰਮਲ ਹੋਣ ’ਤੇ ਅੱਜ ਇਨ੍ਹਾਂ ਨਾਮਜ਼ਦਗੀ ਫਾਰਮਾ ਦੀ ਪੜਤਾਲ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਪਰਿਸ਼ਦ ਦੇ ਕੁੱਲ 23 ਜ਼ੋਨਾਂ ਲਈ ਸਾਹਮਣੇ ਆਏ 148 ਉਮੀਦਵਾਰਾਂ ਵਿੱਚੋਂ ਪੰਜ ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਵੱਖ ਵੱਖ ਕਾਰਨਾਂ ਕਰਕੇ ਰੱਦ ਹੋ ਗਏ ਹਨ, ਜਦਕਿ ਬਾਕੀ 143 ਉਮੀਦਵਾਰਾਂ ਦੇ ਫਾਰਮ ਦਰੁਸਤ ਪਾਏ ਗਏ ਹਨ। ਇਸ ਤਰ੍ਹਾਂ ਹੁਣ ਜ਼ਿਲ੍ਹੇ ਭਰ ਦੇ ਇਨ੍ਹਾਂ 23 ਜ਼ੋਨਾਂ ਲਈ ਕੁੱਲ 143 ਉਮੀਦਵਾਰ ਮੈਦਾਨ ’ਚ ਹਨ। ਉਂਂਜ ਉਮੀਦਵਾਰਾਂ ਸਬੰਧੀ ਅਸਲ ਸਥਿਤੀ 6 ਦਸੰਬਰ ਦੀ ਸ਼ਾਮ ਹੀ ਸਪੱਸ਼ਟ ਹੋਵੇਗੀ ਕਿਉਂਕਿ ਭਲਕੇ ਨਾਮਜ਼ਦਗੀਆਂ ਵਾਪਸ ਲੈਣ ਲਈ ਆਖ਼ਰੀ ਤਰੀਕ ਹੈ। ਜ਼ਿਲ੍ਹਾ ਹੈੱਡਕੁਆਰਟਰ ਪਟਿਆਲਾ ਤੋਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਤੱਥਾਂ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਕੀਤੀ ਹੈ।
ਪਟਿਆਲਾ ਜ਼ਿਲ੍ਹੇ ਵਿਚਲੀਆਂ 10 ਬਲਾਕ ਸਮਿਤੀਆਂ ਦੇ 184 ਜ਼ੋਨਾਂ ਲਈ 4 ਦਸੰਬਰ ਤੱਕ 786 ਉਮੀਦਵਾਰਾਂ ਨੇ ਨਾਮਜ਼ਦਗੀ ਫਾਰਮ ਭਰੇ ਸਨ। ਅੱਜ ਹੋਈ ਪੜਤਾਲ ਦੌਰਾਨ ਪੰਚਾਇਤ ਸਮਿਤੀ ਰਾਜਪੁਰਾ ਦੇ ਸਾਰੇ ਦੇ ਸਾਰੇ 74 ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਦਰੁਸਤ ਪਾਏ ਗਏ ਹਨ। ਬਾਕੀਆਂ ਵਿੱਚੋਂ ਬਲਾਕ ਸਮਿਤੀ ਸਨੌਰ ਦੇ 55 ਵਿੱਚੋਂ 2 ਰੱਦ ਹੋ ਗਏ ਤੇ 53 ਪਰਚੇ ਦਰੁਸਤ ਪਾਏ ਗਏ ਹਨ। ਭੁਨਰਹੇੜੀ ਦੇ 42 ਵਿਚੋਂ 6 ਨਾਮਜ਼ਦਗੀ ਫਾਰਮ ਰੱਦ ਹੋਏ ਹਨ। ਜਿਸ ਉਪਰੰਤ ਹੁਣ ਇੱਥੇ 36 ਉਮੀਦਵਾਰ ਹਨ।
ਜਦਕਿ ਬਲਾਕ ਸਮਿਤੀ ਸਮਾਣਾ ਦੀਆਂ ਕੁੱਲ 75 ਨਾਮਜ਼ਦਗੀਆਂ ਵਿੱਚੋਂ 7 ਰੱਦ ਹੋ ਗਈਆਂ ਹਨ। ਬਲਾਕ ਸਮਿਤੀ ਨਾਭਾ ਲਈ 114 ਵਿੱਚੋਂ 4 ਅਤੇ ਬਲਾਕ ਸਮਿਤੀ ਘਨੌਰ ਲਈ 81 ਵਿਚੋਂ 4 ਪਰਚੇ ਰੱਦ ਹੋ ਗਏ ਹਨ। ਪਟਿਆਲਾ ਬਲਾਕ ਸਮਿਤੀ ਦੇ 64 ਵਿੱਚੋਂ 4 ਪਰਚੇ ਰੱਦ ਹੋਏ ਹਨ। ਬਲਾਕ ਸਮਿਤੀ ਪਟਿਆਲਾ ਦਿਹਾਤੀ ਦੇ 87 ਵਿਚੋਂ ਰੱਦ ਹੋਏ ਪਰਚਿਆਂ ਦੀ ਗਿਣਤੀ 2 ਹੈ। ਬਲਾਕ ਸਮਿਤੀ ਪਾਤੜਾਂ ਲਈ 123 ਨਾਮਜ਼ਦਗੀਆਂ ਆਈਆਂ ਸਨ। ਸ਼ੰਭੂਕਲਾਂ ਲਈ ਆਈਆਂ 71 ਨਾਮਜ਼ਦਗੀਆਂ ਵਿੱਚੋਂ ਦੋ ਰੱਦ ਪਾਈਆਂ ਗਈਆਂ ਹਨ।
ਸੰਗਰੂਰ: ਜ਼ਿਲ੍ਹਾ ਪਰਿਸ਼ਦ ਲਈ ਫੱਗੂਵਾਲਾ ਜ਼ੋਨ ਦੀ ਨਾਮਜ਼ਦਗੀ ਰੱਦ
ਸੰਗਰੂਰ (ਗੁਰਦੀਪ ਸਿੰਘ ਲਾਲੀ): ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਸੰਗਰੂਰ ਅੰਦਰ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਦੇ 18 ਜ਼ੋਨਾਂ ਤੇ 10 ਪੰਚਾਇਤ ਸਮਿਤੀ ਦੇ 162 ਜ਼ੋਨਾਂ ਦੀਆਂ ਚੋਣਾਂ ਤਹਿਤ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਦਾਖਲ ਕੁਲ 101 ਨਾਮਜ਼ਦਗੀਆਂ ਵਿੱਚੋਂ ਅੱਜ ਪੜਤਾਲ ਉਪਰੰਤ 01 ਨਾਮਜ਼ਦਗੀ (ਫੱਗੂਵਾਲਾ ਜ਼ੋਨ) ਰੱਦ ਕੀਤੀ ਗਈ ਹੈ। 100 ਨਾਮਜ਼ਦਗੀਆਂ ਯੋਗ ਪਾਈਆਂ ਗਈਆਂ ਹਨ। ਪੰਚਾਇਤ ਸਮਿਤੀ ਚੋਣਾਂ ਲਈ ਦਾਖਲ ਕੁਲ 556 ਨਾਮਜ਼ਦਗੀਆਂ ਵਿਚੋਂ 27 ਰੱਦ ਹੋਈਆਂ ਹਨ ਤੇ 529 ਯੋਗ ਪਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਚਾਬਾ ਨੇ ਦੱਸਿਆ ਕਿ ਪੰਚਾਇਤ ਸਮਿਤੀ ਚੋਣਾਂ ਸਬੰਧੀ ਰੱਦ ਹੋਈਆਂ ਨਾਮਜ਼ਦਗੀਆਂ ਵਿਚੋਂ 8 ਭਵਾਨੀਗੜ੍ਹ ਪੰਚਾਇਤ ਸਮਿਤੀ 1 ਘਰਾਚੋਂ, 1 ਚੰਨੋ, 1 ਬਾਲਦ ਕਲਾਂ, 2 ਕਾਲਾਝਾੜ, 3 ਕਾਕੜਾ, 1 ਛਾਜਲੀ ਪੰਚਾਇਤ ਸਮਿਤੀ ਕਣਕਵਾਲ ਭੰਗੂਆਂ, 3 ਧੂਰੀ ਪੰਚਾਇਤ ਸਮਿਤੀ 1 ਨੱਤ, 2 ਧਾਂਦਰਾ, 1 ਦਿੜ੍ਹਬਾ ਪੰਚਾਇਤ ਸਮਿਤੀ ਗੁੱਜਰਾਂ, ਇੱਕ ਲਹਿਰਾਗਾਗਾ ਪੰਚਾਇਤ ਸਮਿਤੀ ਭੂਟਾਲ ਕਲਾਂ, 2 ਸੰਗਰੂਰ ਪੰਚਾਇਤ ਸਮਿਤੀ ਅਕੋਈ ਸਾਹਿਬ ਤੇ ਰੂਪਾ ਹੇੜੀ, 2 ਸ਼ੇਰਪੁਰ ਪੰਚਾਇਤ ਸਮਿਤੀ ਖੇੜੀ ਚਾਹਲਾਂ ਤੇ ਘਨੌਰੀ ਕਲਾਂ, 7 ਸੁਨਾਮ ਊਧਮ ਸਿੰਘ ਵਾਲਾ 2 ਸ਼ੇਰੋਂ, 1 ਨਮੋਲ, 1 ਲਖਮੀਰਵਾਲਾ, 1 ਬਿਗੜਵਾਲ, 1 ਸ਼ਾਹਪੁਰ ਕਲਾਂ ਤੇ 1 ਚੌਵਾਸ ਅਤੇ 2 ਸੁਨਾਮ ਊਧਮ ਸਿੰਘ ਵਾਲਾ-2 ਪੰਚਾਇਤ ਸਮਿਤੀ ਚੱਠਾ ਸੇਖਵਾਂ ਤੇ ਕੁਲਾਰ ਖੁਰਦ ਸ਼ਾਮਲ ਹਨ।
ਸੁਨਾਮ: 46 ਉਮੀਦਵਾਰ ਮੈਦਾਨ ’ਚ
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਪੰਚਾਇਤ ਸਮਿਤੀ ਸੁਨਾਮ ਊਧਮ ਸਿੰਘ ਵਾਲਾ ਦੇ ਕੁਲ 53 ਉਮੀਦਵਾਰਾਂ ਵਿੱਚੋਂ 7 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ। ਰਿਟਰਨਿੰਗ ਅਫ਼ਸਰ/ਉਪ ਮੰਡਲ ਮੈਜਿਸਟ੍ਰੇਟ ਸੁਨਾਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ 15 ਜ਼ੋਨਾਂ ਲਈ ਕੁਲ 53 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਸੀ, ਜਿਨ੍ਹਾਂ ਵਿੱਚ ਜੋਨ ਨੰਬਰ-1 ਸ਼ੇਰੋਂ ਤੋਂ ਭਾਜਪਾ ਦੇ ਨਛੱਤਰ ਸਿੰਘ ਅਤੇ ‘ਆਪ’ ਦੇ ਗੁਰਦੀਪ ਸਿੰਘ ਜ਼ੋਨ-2 ਨਮੋਲ ਜਨਰਲ ਕਾਂਗਰਸ ਦੇ ਕੁਲਦੀਪ ਸਿੰਘ, ਜ਼ੋਨ-3- ਸ਼ਾਹਪੁਰ ਖੁਰਦ ਲਖਮੀਰਵਾਲਾ ਜਨਰਲ ਭਾਜਪਾ ਦੇ ਹਰਜੀਤ ਸਿੰਘ, ਜ਼ੋਨ-4 ਬਿਗੜਵਾਲ ਇਸਤਰੀ ਸ਼੍ਰੋਮਣੀ ਅਕਾਲੀ ਦਲ ਦੀ ਮਨਜੀਤ ਕੌਰ, ਜ਼ੋਨ ਨੰਬਰ-6 ਸਾਹਪੁਰ ਕਲਾਂ ਇਸਤਰੀ ਕਿਰਨਪਾਲ ਕੌਰ, ਜ਼ੋਨ-10 ਚੌਵਾਸ ਇਸਤਰੀ (ਆਪ) ਦੇ ਕੁਲਵਿੰਦਰ ਕੌਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੁਣ 46 ਉਮੀਦਵਾਰਾਂ ਮੈਦਾਨ ਵਿਚ ਰਹਿ ਗਏ ਹਨ।

