ਪਟਿਆਲਾ: 207 ਜ਼ੋਨਾਂ ਲਈ 934 ਨਾਮਜ਼ਦਗੀਆਂ ਦਾਖ਼ਲ
ਸੰਗਰੂਰ ’ਚ ਜ਼ਿਲ੍ਹਾ ਪਰਿਸ਼ਦ ਲੲੀ 101 ਨਾਮਜ਼ਦਗੀ ਤੇ ਪੰਚਾਇਤ ਸਮਿਤੀਆਂ ਲਈ 556 ਨਾਮਜ਼ਦਗੀਆਂ ਭਰੀਆਂ
ਪਟਿਆਲਾ ਜ਼ਿਲ੍ਹੇ ’ਚ ਪੈਂਦੇ ਜ਼ਿਲ੍ਹਾ ਪਰਿਸ਼ਦ ਦੇ 23 ਜ਼ੋਨਾਂ ਲਈ ਅੱੱਜ ਅੰਤਲੇ ਦਿਨ ਤੱਕ 148 ਨਾਮਜ਼ਦਗੀ ਫਾਰਮ ਭਰੇ ਗਏ ਹਨ, ਜਦਕਿ ਜ਼ਿਲ੍ਹੇ ਭਰ ਵਿਚਲੀਆਂ 10 ਬਲਾਕ ਸਮਿਤੀਆਂ ਦੇ 184 ਜ਼ੋਨਾਂ ਵਾਸਤੇ 786 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਫਾਰਮ ਜਮ੍ਹਾ ਕਰਵਾਏ ਗਏ ਹਨ। ਦੋਵਾਂ ਵਰਗਾਂ ਦੇ ਕੁੱਲ 207 ਜ਼ੋਨਾਂ ਵਿਚਲੇ ਉਮੀਦਵਾਰਾਂ ਦੀ ਗਿਣਤੀ 934 ਹੈ। ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਬਲਾਕ ਸਮਿਤੀ ਭੁੱਨਰਹੇੜੀ ਲਈ 42 ਅਤੇ ਬਲਾਕ ਸਮਿਤੀ ਸਨੌਰ ਲਈ 55 ਨਾਮਜ਼ਦਗੀਆਂ ਆਈਆਂ ਹਨ। ਬਾਕੀਆਂ ਵਿੱਚੋਂ ਬਲਾਕ ਸਮਿਤੀ ਨਾਭਾ ਲਈ 114, ਘਨੌਰ ਬਲਾਕ ਸਮਿਤੀ ਲਈ 81,ਸ਼ੰਭੂਕਲਾਂ ਲਈ 71, ਪਟਿਆਲਾ ਬਲਾਕ ਸਮਿਤੀ ਲਈ 64 ਅਤੇ ਬਲਾਕ ਸਮਿਤੀ ਪਟਿਆਲਾ ਦਿਹਾਤੀ 87 ਉਮੀਦਵਾਰ ਸਾਹਮਣੇ ਆਏ ਹਨ, ਜਦਕਿ ਪਾਤੜਾਂ ਬਲਾਕ ਸਮਿਤੀ ਲਈ 123, ਰਾਜਪੁਰਾ ਲਈ 74 ਅਤੇ ਸਮਾਣਾ ਬਲਾਕ ਸਮਿਤੀ ਵਿਚ 75 ਉਮੀਦਵਾਰ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਨੂੰ ਹੋਵੇਗੀ ਅਤੇ ਜੇਕਰ ਕੋਈ ਉਮੀਦਵਾਰ ਚਾਹੇਗਾ ਤਾਂ 6 ਦਸੰਬਰ ਨੂੰ ਉਹ ਆਪਣੇ ਨਾਮਜ਼ਦਗੀ ਪੱਤਰ ਵਾਪਸ ਵੀ ਲੈ ਸਕੇਗਾ।
ਸੰਗਰੂਰ (ਗੁਰਦੀਪ ਸਿੰਘ ਲਾਲੀ/ਬੀਰ ਇੰਦਰ ਸਿੰਘ ਬਨਭੌਰੀ): ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਸੰਗਰੂਰ ਅੰਦਰ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਦੇ 18 ਜ਼ੋਨਾਂ ਤੇ 10 ਪੰਚਾਇਤ ਸਮਿਤੀ ਦੇ 162 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੇ ਅੱਜ ਆਖ਼ਰੀ ਦਿਨ ਤੱਕ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਕੁਲ 101 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ, ਜਦਕਿ ਪੰਚਾਇਤ ਸਮਿਤੀ ਚੋਣਾਂ ਲਈ ਕੁਲ 556 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਜ਼ਿਕਰਯੋਗ ਹੈ ਕਿ ਅੱਜ ਅਖੀਰਲੇ ਦਿਨ ਜ਼ਿਲ੍ਹਾ ਪਰਿਸ਼ਦ ਲਈ 89 ਨਾਮਜ਼ਦਗੀਆਂ ਤੇ ਪੰਚਾਇਤ ਸਮਿਤੀ ਲਈ 482 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਚਾਬਾ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਕੁਲ 101 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ, ਜਦੋਂ ਕਿ ਪੰਚਾਇਤ ਸਮਿਤੀ ਅੰਨਦਾਣਾ ਐਟ ਮੂਨਕ ਲਈ ਕੁਲ 66 ਨਾਮਜ਼ਦਗੀਆਂ ਜਮ੍ਹਾਂ ਹੋਈਆਂ ਹਨ। ਭਵਾਨੀਗੜ੍ਹ ਲਈ 69, ਧੂਰੀ ਪੰਚਾਇਤ ਸਮਿਤੀ ਲਈ 45, ਦਿੜ੍ਹਬਾ ਲਈ 50, ਪੰਚਾਇਤ ਸਮਿਤੀ ਲਹਿਰਾਗਾਗਾ ਲਈ 46 ਅਤੇ ਸੰਗਰੂਰ ਲਈ ਕੁਲ 57 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ।
ਪੰਚਾਇਤ ਸਮਿਤੀ ਸ਼ੇਰਪੁਰ ਲਈ 51, ਸੁਨਾਮ ਊਧਮ ਸਿੰਘ ਵਾਲਾ ਲਈ 53, ਛਾਜਲੀ ਪੰਚਾਇਤ ਸਮਿਤੀ ਲਈ 71 ਅਤੇ ਸੁਨਾਮ ਊਧਮ ਸਿੰਘ ਵਾਲਾ -2 ਐਟ ਸੰਗਰੂਰ ਲਈ ਕੁਲ 48 ਉਮੀਦਵਾਰਾਂ ਨੇ ਨਾਮਜ਼ਦਗੀ ਸਬੰਧਤ ਰਿਟਰਨਿੰਗ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਏ ਹਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਬਲਾਕ ਲਹਿਰਾਗਾਗਾ ਦੀਆਂ ਸਮਿਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਪੂਰੀ ਹੋਈ। ਬਲਾਕ ਲਹਿਰਾ ਦੀਆਂ 34 ਪੰਚਾਇਤਾਂ ਨੂੰ 15 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚੋਂ 4 ਜ਼ੋਨ ਅਨੁਸੂਚਿਤ ਜਾਤੀਆਂ ਲਈ (2 ਜ਼ੋਨ ਅਨੁਸੂਚਿਤ ਔਰਤਾਂ ਲਈ) ਰਾਖਵੇਂ ਹਨ। ਇਸੇ ਤਰ੍ਹਾਂ 5 ਜ਼ੋਨ (ਮਹਿਲਾ ਜਨਰਲ) ਅਤੇ ਬਾਕੀ 6 ਜ਼ੋਨ ਜਨਰਲ ਹਨ। ਬੀ ਡੀ ਪੀ ਓ ਰਾਮਪਾਲ ਸਿੰਘ ਨੇ ਦੱਸਿਆ ਕਿ ਕਾਗਜ਼ ਦਾਖਲ ਕਰਨ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਅਤੇ ਸ਼ਾਂਤੀਪੂਰਨ ਢੰਗ ਨਾਲ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬਲਾਕ ਲਹਿਰਾ ਦੇ ਕੁੱਲ 15 ਜ਼ੋਨਾਂ ਲਈ ਕੁੱਲ 86 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਜਿਨ੍ਹਾਂ ਵਿੱਚ 50 ਪੁਰਸ਼ ਅਤੇ 36 ਔਰਤਾਂ ਸ਼ਾਮਲ ਹਨ। ਬੀ ਡੀ ਪੀ ਓ ਰਾਮਪਾਲ ਸਿੰਘ ਨੇ ਉਮੀਦ ਜਤਾਈ ਹੈ ਕਿ ਜਿਸ ਤਰ੍ਹਾਂ ਨਾਮਜ਼ਦਗੀ ਪ੍ਰਕਿਰਿਆ ਸ਼ਾਂਤੀਪੂਰਵਕ ਮੁਕੰਮਲ ਹੋਈ ਹੈ, ਉਸੇ ਤਰ੍ਹਾਂ ਚੋਣਾਂ ਵੀ ਸ਼ਾਂਤੀਪੂਰਵਕ ਮੁਕੰਮਲ ਹੋਣਗੀਆਂ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੇ ਅੱਜ ਅਖੀਰਲੇ ਦਿਨ ਐੱਸ ਡੀ ਐੱਮ ਭਵਾਨੀਗੜ੍ਹ ਦੇ ਦਫ਼ਤਰ ਵਿੱਚ ਬਲਾਕ ਸਮਿਤੀ ਮੈਂਬਰਾਂ ਦੀ ਚੋਣ ਲਈ 69 ਨਾਮਜ਼ਦਗੀ ਪੱਤਰ ਭਰੇ ਗਏ। ਰਿਟਰਨਿੰਗ ਅਫ਼ਸਰ ਰਾਹੁਲ ਕੌਸਲ ਨੇ ਦੱਸਿਆ ਕਿ ਬਲਾਕ ਸੰਮਤੀ ਭਵਾਨੀਗੜ੍ਹ ਵਿੱਚ ਕੁੱਲ 15 ਜ਼ੋਨ ਪੈਂਦੇ ਹਨ ਅਤੇ ਇਨ੍ਹਾਂ ਜ਼ੋਨਾਂ ਵਿੱਚੋਂ ਕੁੱਲ 69 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਇਨ੍ਹਾਂ ਪੱਤਰਾਂ ਦੀ 5 ਦਸੰਬਰ ਨੂੰ ਪੜਤਾਲ ਹੋਵੇਗੀ ਅਤੇ 6 ਦਸੰਬਰ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਰੇ ਜ਼ੋਨਾਂ ਵਿੱਚ 3 ਜਾਂ ਤਿੰਨ ਤੋਂ ਵੱਧ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਡੀ ਐੱਸ ਪੀ ਭਵਾਨੀਗੜ੍ਹ ਰਾਹੁਲ ਕੌਸਲ ਅਤੇ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਸਾਰੀ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਈ ਹੈ।
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਹਲਕਾ ਰਾਜਪੁਰਾ ਅਧੀਨ ਪੈਂਦੀਆਂ 15 ਜ਼ੋਨਾਂ ਦੀਆਂ ਬਲਾਕ ਸਮਿਤੀ ਚੋਣਾਂ ਲਈ ਅੱਜ ਨਾਮਜ਼ਦਗੀਆਂ ਭਰਨ ਦਾ ਆਖ਼ਰੀ ਦਿਨ ਕਾਫ਼ੀ ਰੌਣਕ ਭਰਿਆ ਰਿਹਾ। ਵੱਖ-ਵੱਖ ਸਿਆਸੀ ਧਿਰਾਂ ਨਾਲ ਸਬੰਧਿਤ ਉਮੀਦਵਾਰਾਂ ਨੇ ਐੱਸ ਡੀ ਐੱਮ-ਕਮ ਰਿਟਰਨਿੰਗ ਅਫ਼ਸਰ ਨਮਨ ਮੜਕਨ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਪ੍ਰਦੀਪ ਕੁਮਾਰ ਕੋਲ ਕੁੱਲ 49 ਫਾਈਲਾਂ ਜਮ੍ਹਾਂ ਕਰਵਾਈਆਂ। ਉਨ੍ਹਾਂ ਦੱਸਿਆ ਕਿ ਬੀਤੇ ਦਿਨ 25 ਫਾਈਲਾਂ ਜਮ੍ਹਾਂ ਹੋਣ ਨਾਲ ਕੁੱਲ ਨਾਮਜ਼ਦਗੀਆਂ ਦੀ ਗਿਣਤੀ 74 ਤੱਕ ਪਹੁੰਚ ਗਈ ਹੈ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ 5 ਦਸੰਬਰ ਨੂੰ ਫਾਈਲਾਂ ਦੀ ਜਾਂਚ-ਪੜਤਾਲ ਕੀਤੀ ਜਾਵੇਗੀ, ਜਿਸ ਦੌਰਾਨ ਉਮੀਦਵਾਰ ਆਪਣੇ ਜਮ੍ਹਾਂ ਦਸਤਾਵੇਜ਼ ਮੁੜ ਤਸਦੀਕ ਕਰ ਸਕਣਗੇ। ਉਮੀਦਵਾਰ 6 ਦਸੰਬਰ ਸ਼ਾਮ 3 ਵਜੇ ਤੱਕ ਆਪਣੀਆਂ ਫਾਈਲਾਂ ਵਾਪਸ ਲੈ ਸਕਣਗੇ। ਇਸ ਤੋਂ ਬਾਅਦ ਫਾਈਨਲ ਸੂਚੀ ਤਿਆਰ ਕਰਕੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਡੀ ਐੱਸ ਪੀ ਰਾਜਪੁਰਾ ਮਨਜੀਤ ਸਿੰਘ ਨੇ ਕਿਹਾ ਕਿ ਬਲਾਕ ਸਮਿਤੀ ਚੋਣਾਂ ਸ਼ਾਂਤੀਪੂਰਵਕ ਕਰਵਾਉਣ ਲਈ ਪੁਲੀਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
35 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਹਲਕਾ ਸਨੌਰ ਅਧੀਨ ਪੈਂਦੀਆਂ ਦੋ ਬਲਾਕ ਸਮਿਤੀਆਂ ਭੁਨਰਹੇੜੀ ਅਤੇ ਸਨੌਰ ਵਿੱਚ ਅੱਜ ਨਾਮਜ਼ਦਗੀ ਕਾਗਜ਼ ਭਰਨ ਦੇ ਆਖਰੀ ਦਿਨ ਵੱਖ ਵੱਖ ਸਿਆਸੀ ਧਿਰਾਂ ਦੇ 35 ਉਮੀਦਵਾਰਾਂ ਨੇ ਕਾਗ਼ਜ਼ ਭਰੇ। ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਦਫ਼ਤਰ ਵਿੱਚ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਨਾਮਜ਼ਦਗੀ ਪੱਤਰ ਭਰੇ ਗਏ। ਇਸ ਦੌਰਾਨ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਕਾਗ਼ਜ਼ ਭਰਨ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ। ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਕਾਂਗਰਸ ਵੱਲੋਂ ਹਰਿੰਦਰਪਾਲ ਸਿੰਘ ਹੈਰੀਮਾਨ, ਜੋਗਿੰਦਰ ਸਿੰਘ ਕਾਕੜਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਿੰਦਰ ਸਿੰਘ ਵਿਰਕ ਆਪਣੇ ਹਮਾਇਤੀ ਉਮੀਦਵਾਰਾਂ ਨਾਲ ਕਾਗਜ਼ ਭਰਨ ਆਏ ਸਨ। ਉਨ੍ਹਾਂ ਸੱਤਾਧਾਰੀ ਪਾਰਟੀ ਦੇ ਵਰਕਰਾਂ ’ਤੇ ਧਾਂਦਲੀਆਂ ਕਰਨ ਅਤੇ ਫਾਈਲਾਂ ਪਾੜਨ ਦੇ ਦੋਸ਼ ਲਗਾਏ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਸ਼ਾਸਨ ਨੇ ਸੂਝ-ਬੂਝ ਨਾਲ ਕਾਗਜ਼ ਭਰਨ ਦੇ ਕੰਮ ਨੂੰ ਸਿਰੇ ਚਾੜਿਆ। ਨਾਮਜ਼ਦਗੀ ਕਾਗਜ਼ ਭਰਨ ਦੇ ਆਖਰੀ ਸਮੇਂ ਤੱਕ ਕੁਲ 35 ਨਾਮਜਦਗੀ ਕਾਗਜ਼ ਭਰੇ ਗਏ। ਇਸ ਤੋਂ ਪਹਿਲਾਂ ਬੀਤੇ ਦਿਨ ਕੁੱਲ 7 ਨਾਮਜ਼ਦਗੀ ਕਾਗਜ਼ ਭਰੇ ਗਏ ਸਨ।

