ਪਨਗ੍ਰੇਨ ਦੇ ਚੇਅਰਮੈਨ ਵੱਲੋਂ ਸ਼ੈੱਲਰ ’ਚ ਛਾਪਾ
ਪੰਜਾਬ ਵਿੱਚ ਖੇਤੀਬਾੜੀ ਪੈਦਾਵਾਰ ਦੀ ਸੰਭਾਲ ਅਤੇ ਭੰਡਾਰਨ ਸਬੰਧੀ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਨੇ ਪਨਗ੍ਰੇਨ ਖ਼ਰੀਦ ਏਜੰਸੀ ਵੱਲੋਂ ਖ਼ਰੀਦੀ ਗਈ ਕਣਕ ਦੇ ਹਾਲਤ ਬਾਰੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਤੇ ਤੁਰੰਤ ਕਾਰਵਾਈ ਕਰਦਿਆਂ ਮਾਹੋਰਾਣਾ-ਭੁੱਲਰਾਂ ਰੋਡ ’ਤੇ ਸਥਿਤ ਸ਼ੈੱਲਰ ਦਾ ਦੌਰਾ ਕੀਤਾ। ਇਸ ਮੌਕੇ ਫੂਡ ਸਪਲਾਈ ਇੰਸਪੈਕਟਰ ਰਸਮਿੰਦਰ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਚੇਅਰਮੈਨ ਨੂੰ ਜਾਣੂ ਕਰਵਾਇਆ ਕਿ ਐੱਫਸੀਆਈ ਦੀ ਸਪੈਸ਼ਲ ਲੱਗਣ ਕਾਰਨ ਅਨਾਜ ਦੀ ਚੁਕਾਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਦੇਖ ਰੇਖ ਵਿੱਚ ਕਰਵਾਈ ਜਾ ਰਹੀ ਹੈ। ਮੌਸਮ ਦੇ ਅਸਰ ਨਾਲ ਖ਼ਰਾਬ ਹੋਈਆਂ ਕਣਕ ਦੀਆਂ ਬੋਰੀਆਂ ਨੂੰ ਪਹਿਲਾਂ ਹੀ ਵੱਖ-ਵੱਖ ਕਰਵਾ ਦਿੱਤਾ ਗਿਆ ਹੈ ਜਿਸ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਪਗਰੇਡ ਕਰ ਦਿੱਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਨਾਜ ਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਖ਼ਰੀਦ ਏਜੰਸੀ ਵੱਲੋਂ ਸੰਭਾਲੀ ਗਈ ਕਣਕ ਦੇ ਸਟੋਰੇਜ ਦੀ ਵਿਸਥਾਰ ਨਾਲ ਸਮੀਖਿਆ ਕਰਦਿਆਂ ਹਦਾਇਤਾਂ ਜਾਰੀ ਕੀਤੀਆਂ ਕਿ ਸੰਭਾਲ ਅਤੇ ਸਟੋਰੇਜ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ । ਉਨ੍ਹਾਂ ਕਿਹਾ ਕਿ ਕਿਸਾਨੀ ਪੈਦਾਵਾਰ ਦੀ ਰੱਖਿਆ ਪਹਿਲੀ ਤਰਜੀਹ ਹੈ, ਅਨਾਜ ਨੂੰ ਕਿਸੇ ਵੀ ਹਾਲਤ ਵਿੱਚ ਖ਼ਰਾਬ ਨਹੀਂ ਹੋਣ ਦਿੱਤਾ ਜਾ ਸਕਦਾ। ਉਨ੍ਹਾਂ ਹੁਕਮ ਦਿੱਤੇ ਕਿ ਸੂਬੇ ਦੇ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਬਰਸਾਤੀ ਮੌਸਮ ਦੌਰਾਨ ਕਣਕ ਦੀ ਰੱਖ-ਰਖਾਅ ਲਈ ਪੂਰੀ ਤਿਆਰੀ ਰੱਖਣ। ਚੇਅਰਮੈਨ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜਿਹੜੇ ਵੀ ਅਧਿਕਾਰੀ ਜਾਂ ਕਰਮਚਾਰੀ ਕਣਕ ਦੀ ਸੰਭਾਲ ਵਿੱਚ ਲਾਪ੍ਰਵਾਹੀ ਕਰਦੇ ਮਿਲੇ ਉਨ੍ਹਾਂ ਖ਼ਿਲਾਫ਼ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।