ਪਨਗ੍ਰੇਨ ਦੇ ਚੇਅਰਮੈਨ ਵੱਲੋਂ ਰਾਈਸ ਮਿੱਲਾਂ ਦੀ ਚੈਕਿੰਗ
ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਵੱਲੋਂ ਅੱਜ ਸ਼ੇਰਪੁਰ ਦੀਆਂ ਰਿਹਾਨ ਰਾਈਸ ਮਿੱਲ, ਵੈਭਵ ਰਾਈਸ ਮਿੱਲ ਅਤੇ ਮਹਾਂਦੇਵ ਰਾਈਸ ਮਿੱਲ ਦੀ ਚੈਕਿੰਗ ਕਰਕੇ ਪਨਗ੍ਰੇਨ ਵੱਲੋਂ ਫਸਲੀ ਸਾਲ 2025-26 ਦੀ ਭੰਡਾਰ ਕੀਤੀ ਕਣਕ ਦਾ ਨਿਰੀਖਣ ਕੀਤਾ ਗਿਆ। ਅਚਨਚੇਤ ਨਿਰੀਖਣ ਦੌਰਾਨ ਗੁਦਾਮਾਂ ਵਿੱਚ ਸਪੈਸ਼ਲ ਲੱਗੀ ਹੋਈ ਸੀ ਅਤੇ ਅਨਾਜ ਦੀ ਚੁਕਵਾਈ ਕਰਵਾਈ ਜਾ ਰਹੀ ਸੀ ਪਰ ਸਟਾਕ ਗਿੱਲਾ ਮਿਲਿਆ। ਚੈਕਿੰਗ ਦੌਰਾਨ ਗੁਦਾਮ ਦੇ ਸਬੰਧਤ ਇੰਚਾਰਜ ਅਜੇ ਕੁਮਾਰ ਨਿਰੀਖਕ, ਜਗਦੇਵ ਸਿੰਘ ਨਿਰੀਖਕ ਅਤੇ ਪਰਮਜੀਤ ਸਿੰਘ ਨਿਰੀਖਕ ਵੀ ਮੌਜੂਦ ਸਨ। ਪਨਗ੍ਰੇਨ ਦੇ ਚੇਅਰਮੈਨ ਗਿੱਲ ਨੇ ਦੱਸਿਆ ਕਿ ਗੁਦਾਮ ਇੰਚਾਰਜ ਅਤੇ ਸਬੰਧਤ ਨਿਰੀਖਕਾਂ ਦੀ ਮੌਜੂਦਗੀ ਵਿੱਚ ਗੁਦਾਮ ਦੇ ਵੱਖ-ਵੱਖ ਭੰਡਾਰਾਂ ਤੋਂ ਕਣਕ ਦੇ ਫੱਟਿਆਂ ਦਾ ਵਜ਼ਨ ਕੀਤਾ ਗਿਆ ਜੋ ਕਿ ਲਗਭਗ 54 ਕਿਲੋ ਦੇ ਕਰੀਬ ਸੀ। ਸਬੰਧਤ ਨਿਰੀਖਕਾਂ ਨੂੰ ਉਨ੍ਹਾਂ ਵੱਲੋਂ ਚੁਣੇ ਗਏ ਗੱਟਿਆਂ ਦਾ ਵਜ਼ਨ ਵੀ ਲਗਭਗ 52.5 ਕਿੱਲੋ ਦੇ ਕਰੀਬ ਸੀ ਜਿਸ ਤੋਂ ਸਪੱਸ਼ਟ ਹੈ ਕਿ ਉਪਰੋਕਤ ਡਿਸਪੈਚ ਕੀਤੇ ਜਾ ਰਹੇ ਕਣਕ ਦੇ ਸਟਾਕ ਉੱਪਰ ਪਾਣੀ ਪਾ ਕੇ ਜਾਂ ਮੀਂਹ ਵਿੱਚ ਬਿਨਾਂ ਤਰਪਾਲਾਂ ਤੋਂ ਖੁੱਲ੍ਹੇ ਛੱਡ ਕੇ ਉਸ ਦਾ ਵਜ਼ਨ ਵਧਾਇਆ ਜਾਂਦਾ ਹੈ।
ਇਸ ਦੌਰਾਨ ਚੇਅਰਮੈਨ ਗਿੱਲ ਨੇ ਪਨਗ੍ਰੇਨ ਦੇ ਪ੍ਰਬੰਧਕੀ ਨਿਰਦੇਸ਼ਕ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਅਨਾਜ ਦੀ ਸਾਂਭ ਸੰਭਾਲ ਵਿੱਚ ਕੀਤੀ ਜਾ ਰਹੀ ਇਸ ਅਣਗਹਿਲੀ ਅਤੇ ਹੇਰਾਫੇਰੀ ਲਈ ਸਬੰਧਤ ਗੁਦਾਮ ਸਟਾਫ਼ ਉਤੇ ਸਖਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ।