ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ, ਲੈਕਚਰਾਰ ਅਤੇ ਸਹਾਇਕ ਪ੍ਰੋਫੈਸਰ ਦੀਆਂ ਸਾਰੀਆਂ ਖਾਲੀ ਪੋਸਟਾਂ ਭਰਨ, ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ ਸ਼ਰਤ ਗਰੈਜੂਏਸ਼ਨ ਵਿੱਚੋਂ 55 ਫ਼ੀਸਦੀ ਲਾਜ਼ਮੀ ਅੰਕ ਜ਼ਰੂਰੀ ਵਾਲੀ ਮੁੱਢੋਂ ਰੱਦ ਕਰਵਾਉਣ ਅਤੇ ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ 270 ਜਾਰੀ ਅਸਾਮੀਆਂ ਵਿੱਚ ਉਮਰ ਹੱਦ ਛੋਟ ਲੈਣ ਲਈ ਸੰਘਰਸ਼ ਕਰਦੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਪੈਨਲ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ। ਇਸ ਮੌਕੇ ਸਿੱਖਿਆ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਹਾਜ਼ਰ ਸਨ।
ਮੋਰਚੇ ਵੱਲੋਂ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਦੱਸਿਆ ਕਿ ਬੇਰੁਜ਼ਗਾਰਾਂ ਵੱਲੋਂ ਫੌਰੀ ਮਸਲਾ ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਜਾਰੀ ਪੋਸਟਾਂ ਵਿੱਚ ਉਮਰ ਹੱਦ ਛੋਟ ਬਾਰੇ ਰੱਖਿਆ ਗਿਆ ਅਤੇ ਪਿਛਲੇ ਸਮਿਆਂ ਵਿੱਚ ਭਰਤੀਆਂ ਵਿੱਚ ਦਿੱਤੀ ਉਮਰ ਹੱਦ ਛੋਟ ਨਾਲ ਸਬੰਧਤ ਦਸਤਾਵੇਜ਼ ਸੌਂਪੇ ਗਏ। ਆਗੂਆਂ ਨੇ ਦੱਸਿਆ ਕਿ ਵਿੱਤ ਮੰਤਰੀ ਵੱਲੋਂ ਬੇਰੁਜ਼ਗਾਰਾਂ ਦੀ ਮੰਗ ਉੱਤੇ ਸਿਹਤ ਵਿਭਾਗ ਨੂੰ ਆਦੇਸ਼ ਕੀਤਾ ਕਿ 270 ਪੋਸਟਾਂ ਲਈ ਅੰਤਿਮ ਤਰੀਕ ਵਿੱਚ ਵਾਧਾ ਕੀਤਾ ਜਾਵੇ ਅਤੇ ਉਮਰ ਹੱਦ ਛੋਟ ਲਈ ਤਜਵੀਜ਼ ਬਣਾ ਕੇ ਭੇਜੀ ਜਾਵੇ। ਸ੍ਰੀ ਚੀਮਾ ਨੇ ਭਰੋਸਾ ਦਿੱਤਾ ਕਿ ਜਲਦੀ ਲੋੜੀਂਦੀ ਸੋਧ ਕਰ ਕੇ ਓਵਰਏਜ਼ ਬੇਰੁਜ਼ਗਾਰਾਂ ਨੂੰ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਮਾਸਟਰ ਕੇਡਰ ਦੀ ਭਰਤੀ ਸਬੰਧੀ ਦੱਸਿਆ ਕਿ ਪ੍ਰਮੋਸ਼ਨਾਂ ਮੁਕੰਮਲ ਹੋਣ ਉਪਰੰਤ ਹੀ ਇਸ਼ਤਿਹਾਰ ਜਾਰੀ ਕੀਤਾ ਜਾ ਸਕੇਗਾ। ਮੋਰਚੇ ਵੱਲੋਂ ਲੈਕਚਰਾਰ ਦੀਆਂ ਸਾਰੀਆਂ ਖਾਲੀ ਪੋਸਟਾਂ ਭਰਨ ਅਤੇ ਉਮਰ ਹੱਦ ਛੋਟ ਬਾਰੇ ਗੱਲ ਕੀਤੀ ਗਈ ਤਾਂ ਵਿੱਤ ਮੰਤਰੀ ਨੇ ਆਉਂਦੀ ਪੈਨਲ ਮੀਟਿੰਗ ਅਤੇ ਸਿੱਖਿਆ ਮੰਤਰੀ ਨਾਲ ਮੀਟਿੰਗ ਵਿੱਚ ਮਸਲਾ ਵਿਚਾਰੇ ਜਾਣ ਦੀ ਗੱਲ ਕੀਤੀ। ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਅਤੇ ਉਮਰ ਹੱਦ ਛੋਟ ਦੇਣ ਬਾਰੇ ਵੀ ਹਾਂ-ਪੱਖੀ ਹੁੰਗਾਰਾ ਭਰਿਆ।