ਘੱਟ ਰੇਟਾਂ ਨੂੰ ਲੈ ਕੇ ਪੱਲੇਦਾਰਾਂ ਵੱਲੋਂ ਠੇਕੇਦਾਰ ਖ਼ਿਲਾਫ਼ ਧਰਨਾ, ਪੁਲੀਸ ਤਾਇਨਾਤ
ਸਥਾਨਕ ਠੇਕੇਦਾਰ ਸੁਲਤਾਨ ਸਿੰਘ ਤਾਨੀ ਵੱਲੋਂ ਢੋਆ-ਢੁਆਈ ਦੇ ਘੱਟ ਰੇਟਾਂ ਵਾਲੇ ਟੈਂਡਰ ਪਾਏ ਜਾਣ ਅਤੇ ਪੱਲੇਦਾਰਾਂ ਨੂੰ ਸਰਕਾਰੀ ਰੇਟਾਂ ਤੋਂ ਵੀ ਘੱਟ ਮਜ਼ਦੂਰੀ ਦੇਣ ਦੇ ਵਿਰੋਧ ਵਿੱਚ ਅੱਜ ਪੰਜਾਬ ਪੱਲੇਦਾਰ ਯੂਨੀਅਨ ਵੱਲੋਂ ਸਥਾਨਕ ਗੋਦਾਮ ਦੇ ਮੁੱਖ ਗੇਟ ਅੱਗੇ ਧਰਨਾ...
Advertisement
ਸਥਾਨਕ ਠੇਕੇਦਾਰ ਸੁਲਤਾਨ ਸਿੰਘ ਤਾਨੀ ਵੱਲੋਂ ਢੋਆ-ਢੁਆਈ ਦੇ ਘੱਟ ਰੇਟਾਂ ਵਾਲੇ ਟੈਂਡਰ ਪਾਏ ਜਾਣ ਅਤੇ ਪੱਲੇਦਾਰਾਂ ਨੂੰ ਸਰਕਾਰੀ ਰੇਟਾਂ ਤੋਂ ਵੀ ਘੱਟ ਮਜ਼ਦੂਰੀ ਦੇਣ ਦੇ ਵਿਰੋਧ ਵਿੱਚ ਅੱਜ ਪੰਜਾਬ ਪੱਲੇਦਾਰ ਯੂਨੀਅਨ ਵੱਲੋਂ ਸਥਾਨਕ ਗੋਦਾਮ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਪੱਲੇਦਾਰਾਂ ਨੇ ਠੇਕੇਦਾਰ ਵਿਰੁੱਧ ਜ਼ੋਰਦਾਰ ਨਾਰੇਬਾਜ਼ੀ ਕੀਤੀ।
ਇਸ ਮੌਕੇ ਪੰਜਾਬ ਪੱਲੇਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ਼ਿੰਦਰਪਾਲ ਸਿੰਘ, ਚੇਅਰਮੈਨ ਮੋਹਨ ਸਿੰਘ ਤੇ ਲਹਿਰਾਗਾਗਾ ਇਕਾਈ ਦੇ ਪ੍ਰਧਾਨ ਤੇਜਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪੱਲੇਦਾਰ ਮੌਜੂਦ ਸਨ।
ਤੇਜਾ ਸਿੰਘ ਨੇ ਦੋਸ਼ ਲਾਇਆ ਕਿ ਠੇਕੇਦਾਰ ਸੁਲਤਾਨ ਸਿੰਘ ਤਾਨੀ ਤਾਨਾਸ਼ਾਹੀ ਰਵੱਈਆ ਅਪਣਾ ਰਿਹਾ ਹੈ। ਉਹ ਸਰਕਾਰੀ ਰੇਟਾਂ ਤੋਂ ਘੱਟ ਟੈਂਡਰ ਭਰਦਾ ਹੈ ਤੇ ਫਿਰ ਪੱਲੇਦਾਰਾਂ ਨੂੰ ਉਸ ਤੋਂ ਵੀ ਘੱਟ ਰੇਟ ਦੇ ਕੇ ਕੰਮ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਇੰਨੇ ਘੱਟ ਰੇਟਾਂ ਨਾਲ ਪੱਲੇਦਾਰਾਂ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਤੇ ਉਨ੍ਹਾਂ ਦੇ ਚੁੱਲ੍ਹੇ ਠੰਡੇ ਹੋਣ ਦੀ ਕਗਾਰ ’ਤੇ ਹਨ।
ਸੂਬਾ ਪ੍ਰਧਾਨ ਸ਼ਿੰਦਰਪਾਲ ਸਿੰਘ ਨੇ ਸਖ਼ਤ ਲਹਿਜ਼ੇ ਵਿੱਚ ਚੇਤਾਵਨੀ ਦਿੱਤੀ ਕਿ ਜੇ ਪੂਰੇ ਰੇਟ ਨਾ ਦਿੱਤੇ ਗਏ ਤਾਂ ਪੱਲੇਦਾਰ ਨਾ ਤਾਂ ਖੁਦ ਕੰਮ ਕਰਨਗੇ ਤੇ ਨਾ ਹੀ ਕਿਸੇ ਬਾਹਰੀ ਮਜ਼ਦੂਰ ਨੂੰ ਕੰਮ ਕਰਨ ਦੇਣਗੇ, ਭਾਵੇਂ ਇਸ ਲਈ ਕਿਸੇ ਵੀ ਹੱਦ ਤੱਕੇ ਕਿਓਂ ਨਾ ਜਾਣਾ ਪਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪਹਿਲਾਂ ਲਹਿਰਾਗਾਗਾ, ਫਿਰ ਜ਼ਿਲ੍ਹਾ ਅਤੇ ਲੋੜ ਪੈਣ ’ਤੇ ਪੂਰੇ ਪੰਜਾਬ 19 ਦਿਨਾਂ ਲਈ ਕੰਮ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਜਾਵੇਗਾ।
Advertisement
ਚੇਅਰਮੈਨ ਮੋਹਨ ਸਿੰਘ ਨੇ ਕਿਹਾ ਕਿ ਠੇਕੇਦਾਰ ਵੱਲੋਂ ਪੱਲੇਦਾਰਾਂ ਨਾਲ ਖੁੱਲ੍ਹੇਆਮ ਜ਼ੁਲਮ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Advertisement
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਠੇਕੇਦਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ ਲਈ ਅਰਜ਼ੀ ਦਿੱਤੀ ਗਈ ਸੀ। ਡੀਐੱਸਪੀ ਲਹਿਰਾਗਾਗਾ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਹਾਈਕੋਰਟ ਦੇ ਹੁਕਮਾਂ ’ਤੇ ਗੋਦਾਮ ਕੋਲ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ।
Advertisement
×

