ਸੰਗਰੂਰ ’ਚ ਪਹਿਲ ਮੰਡੀ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਮਈ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਗੈਨਿਕ ਅਤੇ ਸੈਲਫ ਹੈਲਪ ਗਰੁੱਪ ਮੈਂਬਰ ਦੁਆਰਾ ਹੱਥੀਂ ਤਿਆਰ ਕੀਤੇ ਉਤਪਾਦਾਂ ਨੂੰ ਵੇਚਣ ਲਈ ਲਗਾਈ ਜਾਂਦੀ ਹਫ਼ਤਾਵਾਰੀ ‘ਪਹਿਲ ਮੰਡੀ’ ਨੂੰ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ਼ਹਿਰ ਦੇ ਸਿਟੀ ਪਾਰਕ ਅੱਗੇ ਹਰ ਐਤਵਾਰ ਲੱਗਦੀ ਪਹਿਲ ਮੰਡੀ ’ਚ ਆਰਗੈਨਿਕ ਆਟਾ, ਆਰਗੈਨਿਕ ਮਸਾਲੇ, ਆਰਗੈਨਿਕ ਦਾਲਾਂ, ਸਬਜ਼ੀਆਂ, ਆਚਾਰ, ਮੁਰੱਬੇ, ਖੋਏ ਦੀ ਬਰਫੀ , ਚਾਟੀ ਦੀ ਲੱਸੀ, ਪੀਨਟ ਬੱਟਰ , ਚੂਰਨ, ਆਲੂ-ਟਿੱਕੀ, ਗੁੜ-ਸ਼ੱਕਰ, ਲੱਕੜ ਘਾਣੀ ਰਾਹੀਂ ਕਢਿਆ ਵੱਖ -ਵੱਖ ਕਿਸਮ ਦੇ ਤੇਲ, ਸ਼ਹਿਦ ਵਰਗੇ ਸ਼ੁੱਧ ਚੀਜ਼ਾਂ ਤੋਂ ਇਲਾਵਾ ਰਸੋਈ ਦਾ ਸਾਰਾ ਸਾਮਾਨ ਅਤੇ ਸਰਫ਼, ਦੇਸੀ ਤਰੀਕੇ ਨਾਲ ਬਣਾਈਆਂ ਸਾਬਣਾਂ ਆਦਿ ਉਤਪਾਦ ਉਪਲੱਬਧ ਕਰਵਾਏ ਜਾ ਰਹੇ ਹਨ। ‘ਪਹਿਲ’ ਮੰਡੀ ਦੇ ਜ਼ਿਲ੍ਹਾ ਪ੍ਰਬੰਧਕ ਡਾ. ਏ.ਐੱਸ. ਮਾਨ ਨੇ ਦੱਸਿਆ ਕਿ ਇਹ ਸਾਰੇ ਉਤਪਾਦ ਸੈਲਫ਼ ਹੈਲਪ ਗਰੁੱਪਾਂ ਅਤੇ ਕਿਸਾਨਾਂ ਵੱਲੋਂ ਤਿਆਰ ਕੀਤੇ ਗਏ ਹਨ, ਜਿਸ ਕਾਰਨ ਇਨਾਂ ਦੀ ਉੱਚ ਗੁਣਵੱਤਾ ਭਰੋਸਯੋਗ ਹੈ। ਇਸ ਮੌਕੇ ਰਾਜਿੰਦਰ ਕੁਮਾਰ ਉਤਪਾਦ ਵਿਕਾਸ ਅਤੇ ਪ੍ਰਬੰਧਨ ਅਫਸਰ, ਜਗਦੇਵ ਸਿੰਘ ਸਤੌਜ, ਜੌਲੀ ਪਾਤੜਾਂ, ਜਸਵੀਰ ਕੌਰ ਸੋਹੀ ਨਾਭਾ, ਜਸਪ੍ਰੀਤ ਕੌਰ ਨੰਦਗੜ੍ਹ, ਕਮਰਜੀਤ ਕੌਰ, ਦਰਸ਼ਨ ਸਿੰਘ ਪੇਧਨੀ ਕਲਾਂ, ਗੁਰਦੀਪ ਦਿਓਲ, ਸੰਦੀਪ ਕੌਰ ਬਾਲੀਆਂ, ਹਰਪ੍ਰੀਤ ਕੌਰ ਮਾਨ ਮਾਨਾਂ ਵਾਲੇ, ਸੁਖਚੈਨ ਧਲੇਵਾਂ, ਕਮਰਜੀਤ ਸਿੰਘ ਬੱਬਨਪੁਰ ਅਤੇ ਅਮਨ ਵੜਿੰਗ ਆਦਿ ਹਾਜ਼ਰ ਸਨ।