‘ਆਪ’ ’ਚ ਬਾਹਰੋਂ ਆਏ ਆਗੂਆਂ ਦੀ ਪੁੱਛ-ਗਿੱਛ ਹੋਣ ਲੱਗੀ: ਧਾਂਦਰਾ
ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਅੰਦਰ ਉਨ੍ਹਾਂ ਦੇ ਕਰੀਬੀ ਮੰਨੇ ਜਾਂਦੇ ਆਗੂਆਂ ਦੇ ਬਗਾਬਤੀ ਸੁਰ ਹਾਕਮ ਧਿਰ ਦੇ ਸਿਆਸੀ ਗਣਿਤ ਨੂੰ ਵਿਗਾੜਦੇ ਜਾਪ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੀਪਲਜ਼ ਪਾਰਟੀ ਦੇ ਗਠਨ ਸਮੇਂ ਤੋਂ ਲਗਾਤਾਰ ਨਿਭਦੇ ਆ ਰਹੇ ਆਗੂਆਂ ’ਚ ਸ਼ਾਮਲ ਪਰਮਿੰਦਰ ਸਿੰਘ ਪੁੰਨੂ ਕਾਤਰੋਂ ਅਤੇ ਅਮਰਦੀਪ ਸਿੰਘ ਧਾਂਦਰਾਂ ਨੇ ਹੁਣ ਜਨਤਕ ਤੌਰ ’ਤੇ ਆਪਣੀ ਨਾਰਾਜ਼ਗੀ ਕੀਤੀ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ‘ਆਪ’ ਆਗੂ ਅਮਰਦੀਪ ਸਿੰਘ ਧਾਂਦਰਾ ਨੇ ਕਿਹਾ ਕਿ ਧੂਰੀ ਦਫ਼ਤਰ ਵਿੱਚ ਪੁਰਾਣਿਆਂ ਦੀ ਥਾਂ ਬਾਹਰੋਂ ਆਗੂਆਂ ਦੀ ਪੁੱਛ-ਗਿੱਛ ਹੋਣ ਕਾਰਨ ਉਹ ਪਾਰਟੀ ਅੰਦਰ ਘੁਟਨ ਮਹਿਸੂਸ ਕਰ ਰਹੇ ਹਨ। ਪਰਮਿੰਦਰ ਸਿੰਘ ਪੰਨੂ ਨੇ ਕਿਹਾ ਕਿ ਉਸਦਾ ਪਿਛੋਕੜ ਸਿਆਸੀ ਨਾ ਹੋਣ ਅਤੇ ਗਰੀਬ ਪਰਿਵਾਰ ਦਾ ਪੁੱਤ ਹੋਣ ਕਾਰਨ ਉਹ ਸਿਆਸੀ ਦੌੜ ਵਿੱਚ ਪਿੱਛੇ ਰਹਿ ਗਿਆ। ਉਨ੍ਹਾਂ ਪਿਛਲੇ ਵਰ੍ਹੇ ਅਚਾਨਕ ਓਐੱਸਡੀ ਦੇ ਆਹੁਦੇ ਤੋਂ ਹਟਾਏ ਪ੍ਰੋਫੈਸਰ ਓਂਕਾਰ ਸਿੰਘ ਦੇ ਹੁੰਦੇ ਹੋਏ ਲੋਕਾਂ ਦੇ ਕੰਮ ਧੰਦੇ ਹੁੰਦੇ ਸਨ ਅਤੇ ਸਤਿਕਾਰ ਮਿਲਦਾ ਸੀ ਪਰ ਹੁਣ ਉਹ ਗੱਲਾਂ ਨਹੀਂ ਰਹੀਆਂ। ਇਸੇ ਤਰ੍ਹਾਂ ਧੂਰੀ ’ਚ ‘ਆਪ’ ਦੀ ਮੁਹਰਲੀ ਕਤਾਰ ਦੇ ਆਗੂਆਂ ’ਚ ਰਹੇ ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ ਨੇ ਤਿੰਨ ਦਿਨ ਪਹਿਲਾਂ ਇੱਕ ਪਾਰਟੀ ਵਿਰੋਧੀ ਰੋਸ ਪ੍ਰਦਰਸ਼ਨ ਦੌਰਾਨ ਬੋਲਦਿਆਂ ਆਪਣੀ ਪਾਰਟੀ ਦੇ ਆਗੂਆਂ ਦਾ ਨਾਮ ਲੈ ਕੇ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕਿ ਇਸ ਤੋਂ ਪਹਿਲਾਂ ਸਾਬਕਾ ਚੇਅਰਮੈਨ ਸਟੇਟ ਵੇਅਰਹਾਊਸ ਐਂਡ ਕੰਟੇਨਰ ਸਤਿੰਦਰ ਸਿੰਘ ਚੱਠਾ, ਕਿਸਾਨ ਆਗੂ ਗੁਰੀ ਮਾਨ, ਜ਼ਿਲਾ ਯੂਥ ਜੁਆਇੰਟ ਸੈਕਟਰੀ ਹਰਵਿੰਦਰ ਹੈਰੀ ਸੁਲਤਾਨਪੁਰ ਅਤੇ ਬਲਾਕ ਪ੍ਰਧਾਨ ਰਹਿ ਚੁੱਕੇ ਸੁਖਪਾਲ ਸਿੰਘ ਕਾਂਝਲਾ ਵੀ ਜਨਤਕ ਤੌਰ ’ਤੇ ਬਾਗੀ ਸੁਰ ਉਠਾ ਚੁੱਕੇ ਹਨ। ਜ਼ਿਲ੍ਹਾ ਪ੍ਰਧਾਨ ਸਿੰਗਲਾ ਨੇ ਆਗੂਆਂ ਦੀ ਨਾਰਾਜ਼ਗੀ ਦੇ ਮਾਮਲੇ ਤੋਂ ਅਣਜਾਣਤਾ ਪ੍ਰਗਟਾਈ ਹੈ।