ਖੇਡ ਮੈਦਾਨ ਦੀ ਜਗ੍ਹਾ ਕਾਸ਼ਤ ਲਈ ਠੇਕੇ ’ਤੇ ਦੇਣ ਦਾ ਵਿਰੋਧ
ਬੀਰਬਲ ਰਿਸ਼ੀ
ਧੂਰੀ, 8 ਜੁਲਾਈ
ਹਲਕਾ ਧੂਰੀ ਦੇ ਪਿੰਡ ਦੁਗਨੀ ਵਿੱਚ ਖੇਡ ਮੈਦਾਨ ਦੀ ਜਗ੍ਹਾ ਇਸ ਵਾਰ ਬੋਲੀ ਕਰਵਾ ਕੇ ਕਾਸ਼ਤ ਲਈ ਠੇਕੇ ’ਤੇ ਦੇਣ ਦਾ ਵਿਰੋਧ ਕਰਦਿਆਂ ਜਿੱਥੇ ਨੌਜਵਾਨ ਖਿਡਾਰੀਆਂ ਨੇ ਅਦਾਲਤ ਦਾ ਬੂਹਾ ਖੜਕਾਇਆ ਹੈ, ਉਥੇ ਦੋ ਦਿਨਾਂ ਤੋਂ ਜਨਤਕ ਸੰਘਰਸ਼ ਤਹਿਤ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ।
‘ਆਪ’ ਦੇ ਯੂਥ ਕੁਆਰਡੀਨੇਟਰ ਆਰਿਫ ਖਾਂ ਨੇ ਦੱਸਿਆ ਕਿ ਪਿਛਲੀ ਪੰਚਾਇਤ ਨੇ ਨੌਜਵਾਨਾਂ ’ਚ ਖੇਡਾਂ ਪ੍ਰਤੀ ਉਤਸ਼ਾਹ ਵੇਖਦਿਆਂ ਖੇਡ ਮੈਦਾਨ ਲਈ ਜਗ੍ਹਾ ਦਿੱਤੀ ਸੀ ਪਰ ਇਸ ਵਾਰ ਇਹ ਜਗ੍ਹਾ ਕਾਸ਼ਤ ਕਰਨ ਲਈ ਕਿਸੇ ਬਾਹਰਲੇ ਪਿੰਡ ਦੇ ਕਿਸਾਨਾਂ ਨੂੰ ਠੇਕੇ ’ਤੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਅਦਾਲਤ ਵਿੱਚ ਸੀਨੀਅਰ ਵਕੀਲ ਬਘੇਲ ਸਿੰਘ ਬੰਗੜ ਰਾਹੀਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਨਤਕ ਤੌਰ ’ਤੇ ਸੰਘਰਸ਼ ਲੜਨ ਦਾ ਫੈਸਲਾ ਕਰਦਿਆਂ ਨੌਜਵਾਨਾਂ ਦੀ ਰੈਲੀ ਕਰਕੇ ਖੇਡ ਮੈਦਾਨ ਵਿੱਚ ਪੱਕਾ ਧਰਨਾ ਸ਼ੁਰੂ ਕੀਤਾ ਹੈ ਅਤੇ ਰੈਲੀ ਦੌਰਾਨ ਖੇਡ ਮੈਦਾਨ ਵਿੱਚ ਲਗਾਏ ਗਏ ਟੈਂਟ ਨੂੰ ਵੀ ਜਿੱਤ ਤੱਕ ਜਿਉਂ ਦੇ ਤਿਉਂ ਰੱਖਣ ਦਾ ਫੈਸਲਾ ਹੋਇਆ ਹੈ। ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮਨਪ੍ਰੀਤ ਸਿੰਘ ਮਾਣੂੰਕੇ ਅਤੇ ਅੰਮ੍ਰਿਤਪਾਲ ਸਿੰਘ ਨੇ ਦੁਗਨੀ ਦੇ ਨੌਜਵਾਨਾਂ ਨੂੰ ਸਰਗਰਮ ਹਮਾਇਤ ਦਾ ਐਲਾਨ ਕੀਤਾ ਹੈ। ਬੀਡੀਪੀਓ ਧੂਰੀ ਜਸਵਿੰਦਰ ਸਿੰਘ ਬੱਗਾ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਉਹ ਮੀਟਿੰਗ ’ਚ ਹਨ ਬਾਅਦ ਵਿੱਚ ਫੋਨ ਕਰਨਗੇ। ਉਂਜ ਉਹ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਖੇਡ ਮੈਦਾਨ ’ਤੇ ਸਟੇਡੀਅਮ ਲਈ ਲੋੜੀਦੀ ਲੰਬਾਈ ਚੌੜਾਈ ਨਿਰਧਾਰਤ ਮਾਪਦੰਡਾਂ ਦੇ ਅਨੁਕੂਲ ਨਹੀਂ ਅਤੇ ਪਿੰਡ ਦੀ ਪੰਚਾਇਤ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਜਿਸ ਕਰਕੇ ਪੰਚਾਇਤ ਨੇ ਜ਼ਮੀਨ ਠੇਕੇ ’ਤੇ ਦਿੱਤੀ ਹੈ।