DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੇਡ ਮੈਦਾਨ ਦੀ ਜ਼ਮੀਨ ਕਾਸ਼ਤ ਲਈ ਠੇਕੇ ’ਤੇ ਦੇਣ ਦਾ ਵਿਰੋਧ

ਪੰਚਾਇਤ ਅਤੇ ‘ਆਪ’ ਦਾ ਯੂਥ ਕੋਆਰਡੀਨੇਟਰ ਆਹਮੋ-ਸਾਹਮਣੇ; ਮਾਮਲਾ ਅਦਾਲਤ ਪੁੱਜਿਆ

  • fb
  • twitter
  • whatsapp
  • whatsapp
Advertisement

ਬੀਰਬਲ ਰਿਸ਼ੀ

ਧੂਰੀ, 5 ਜੁਲਾਈ

Advertisement

ਹਲਕਾ ਧੂਰੀ ਦੇ ਪਿੰਡ ਦੁਗਨੀ ਵਿੱਚ ਖੇਡ ਮੈਦਾਨ ਨੂੰ ਕਥਿਤ ਤੌਰ ’ਤੇ ਕਾਸ਼ਤ ਲਈ ਠੇਕੇ ’ਤੇ ਦੇਣ ਲਈ ਕਰਵਾਈ ਗਈ ਬੋਲੀ ਸਬੰਧੀ ਪਿੰਡ ਦੀ ਹੁਕਮਰਾਨ ਧਿਰ ਨਾਲ ਸਬੰਧਿਤ ਗ੍ਰਾਮ ਪੰਚਾਇਤ ਅਤੇ ਨੌਜਵਾਨਾਂ ਦੇ ਹੱਕ ਵਿੱਚ ਡਟੇ ‘ਆਪ’ ਦੇ ਯੂਥ ਕੋਆਰਡੀਨੇਟਰ ਦੇ ਆਹਮੋ-ਸਾਹਮਣੇ ਆਉਣ ਨਾਲ ਤਲਖੀ ਐਨੀ ਵਧ ਗਈ ਹੈ ਕਿ ਮਾਮਲਾ ਧੂਰੀ ਅਦਾਲਤ ਵਿੱਚ ਚਲਾ ਗਿਆ ਹੈ।

Advertisement

ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਭਾਰੀ ਪੁਲੀਸ ਫੋਰਸ ਦੀ ਮੌਜੂਦਗੀ ਵਿੱਚ ਰੱਖੀ ਗਈ ਬੋਲੀ ਦਾ ਪਿੰਡ ਦੇ ਨੌਜਵਾਨਾਂ ਨੇ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਤਕਰੀਬਨ ਡੇਢ ਦੋ ਸਾਲ ਪਹਿਲਾਂ ਪਿੰਡ ਦੀ ਪੁਰਾਣੀ ਪੰਚਾਇਤ ਨੇ ਮਤਾ ਪਾ ਕੇ ਵਿਵਾਦਤ ਜਗ੍ਹਾ ਨੌਜਵਾਨਾਂ ਨੂੰ ਖੇਡਣ ਲਈ ਦਿੱਤੀ ਸੀ ਪਰ ਹੁਣ ਦੁਬਾਰਾ ਮਤਾ ਪਾ ਕੇ ਇਸ ਜਗ੍ਹਾ ਦੀ ਕਥਿਤ ਜ਼ਬਰੀ ਬੋਲੀ ਕਰਵਾ ਦਿੱਤੀ। ਇਸ ਮੌਕੇ ਸਦਰ ਥਾਣਾ ਧੂਰੀ ਦੀ ਪੁਲੀਸ ਨੇ ਵਿਰੋਧ ਕਰ ਰਹੇ ਨੌਜਵਾਨਾਂ ਨੂੰ ਬੋਲੀ ਵਾਲੀ ਜਗ੍ਹਾ ਦੇ ਨੇੜੇ ਨਹੀਂ ਫਟਕਣ ਦਿੱਤਾ। ‘ਆਪ’ ਦੇ ਯੂਥ ਕੋਆਰਡੀਨੇਟਰ ਆਰਿਫ਼ ਨੇ ਦੱਸਿਆ ਕਿ ਨੌਜਵਾਨ ਅਖ਼ੀਰ ਇਸ ਗੱਲ ’ਤੇ ਡਟ ਗਏ ਕਿ ਉਹ ਖੇਡ ਮੈਦਾਨ ਦੀ ਬੋਲੀ ਦੇਣ ਲਈ ਵੀ ਤਿਆਰ ਹਨ।

ਇਨਸਾਫ ਪ੍ਰਾਪਤੀ ਲਈ ਧੂਰੀ ਦੇ ਵਕੀਲ ਬਘੇਲ ਸਿੰਘ ਬੰਗੜ ਨੇ ਦੱਸਿਆ ਕਿ ਸਬੰਧਿਤ ਬੀਡੀਪੀਓ, ਪੰਚਾਇਤ ਸਕੱਤਰ ਅਤੇ ਪੰਚਾਇਤੀ ਨੁਮਾਇੰਦਿਆਂ ਨੂੰ ਧਿਰ ਬਣਾ ਕੇ ਕੇਸ ਪਾਇਆ ਹੈ ਕਿਉਂਕਿ ਪੰਚਾਇਤੀ ਮਤੇ ਮਗਰੋਂ ਖੇਡ ਮੈਦਾਨ ’ਚ ਨੈੱਟ ਲੱਗਿਆ ਹੋਇਆ ਹੈ, ਪਿੱਚ ਬਣੀ ਹੋਈ ਹੈ ਅਤੇ ਹੁਣ ਹੋਰ ਮਤੇ ਰਾਹੀਂ ਇਸ ਦੀ ਕਿਸਮ ਨਾ ਬਦਲੀ ਜਾਵੇ। ਪਿੰਡ ਦੀ ਸਰਪੰਚ ਬੀਬੀ ਦੇ ਫੋਨ ਤੋਂ ਬੋਲਣ ਵਾਲੇ ਨੇ ਕਿਹਾ ਕਿ ਫੋਨ ਉਨ੍ਹਾਂ ਕੋਲ ਹੈ ਅਤੇ ਬਾਅਦ ਵਿੱਚ ਗੱਲ ਕਰਵਾ ਦੇਣਗੇ।

ਬੀਡੀਪੀਓ ਧੂਰੀ ਨੇ ਦੋਸ਼ ਨਕਾਰੇ

ਬੀਡੀਪੀਓ ਧੂਰੀ ਜਸਵਿੰਦਰ ਸਿੰਘ ਬੱਗਾ ਨੇ ਕਿਹਾ ਕਿ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਜੋ ਮਤਾ ਸਟੇਡੀਅਮ ਲਈ ਪਿਆ ਸੀ ਉਹ ਨਹੀਂ ਬਣ ਸਕਿਆ ਅਤੇ ਇਸ ਜਗ੍ਹਾ ਦੀ ਲੰਬਾਈ ਤੇ ਚੌੜਾਈ ਵੀ ਨਿਰਧਾਰਤ ਮਾਪਦੰਡਾਂ ਦੇ ਅਨੁਕੂਲ ਨਹੀਂ। ਉਨ੍ਹਾਂ ਦੱਸਿਆ ਕਿ ਉਂਝ ਪਿੰਡ ਕੋਲ ਕੋਈ ਬਹੁਤੀ ਜ਼ਮੀਨ ਨਾ ਹੋਣ ਕਾਰਨ ਵੱਖ-ਵੱਖ ਬਿੱਲ ਭਰਨੇ ਤੇ ਹੋਰ ਖਰਚੇ ਕਰਨ ਲਈ ਮਤਾ ਪਾ ਕੇ ਇਹ ਜਗ੍ਹਾ ਦੀ ਬੋਲੀ ਹੋਈ ਹੈ। ਨੌਜਵਾਨਾਂ ਵੱਲੋਂ ਅਦਾਲਤ ਜਾਣ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਦੱਸਿਆ ਕਿ ਅਦਾਲਤ ਦੇ ਸੰਮਨ ਉਨ੍ਹਾਂ ਕੋਲ ਪਹੁੰਚ ਗਏ ਹਨ।

ਨੌਜਵਾਨਾਂ ਦੀ ਇਕੱਤਰਤਾ ਅੱਜ

ਅਗਲੀ ਵਿਉਂਤਬੰਦੀ ਲਈ ਖੇਡ ਮੈਦਾਨ ਵਿੱਚ ਖੇਡਣ ਵਾਲੇ ਖਿਡਾਰੀਆਂ ਨੇ ਤਾਜ਼ਾ ਘਟਨਾਕ੍ਰਮ ਤੇ ਵਿਚਾਰਾਂ ਕਰਨ ਲਈ 6 ਜੁਲਾਈ ਨੂੰ ਸਵੇਰੇ ਇਕੱਠ ਰੱਖਿਆ ਗਿਆ ਹੈ।

Advertisement
×