ਪਰਾਲੀ ਸਾੜਨ ਤੋਂ ਰੋਕਣ ਲਈ ਡਿਊਟੀਆਂ ਲਾਉਣ ਦਾ ਵਿਰੋਧ
ਬਿਜਲੀ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ’ਚ ਅਹਿਮ ਮਸਲਿਆਂ ’ਤੇ ਚਰਚਾ ਕੀਤੀ
ਪੀ ਐੱਸ ਈ ਬੀ ਐਂਪਲਾਈਜ਼ ਜੁਆਇੰਟ ਫੋਰਮ,ਬਿਜਲੀ ਮੁਲਾਜ਼ਮ ਏਕਤਾ ਮੰਚ, ਏ ਓ ਜੇ ਈ ਅਤੇ ਐੱਮ ਯੂ ਓ ਦੇ ਸੱਦੇ ’ਤੇ ਸਾਂਝੀ ਮੀਟਿੰਗ ਮੰਡਲ ਦਫ਼ਤਰ ਮਾਲੇਰਕੋਟਲਾ ਵਿੱਚ ਹੋਈ। ਮੀਟਿੰਗ ਵਿੱਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਮੁਲਾਜ਼ਮਾਂ ਦੀਆਂ ਲਾਈਆਂ ਡਿਊਟੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਟੀ ਐੱਸ ਯੂ ਦੇ ਜ਼ੋਨ ਸਕੱਤਰ ਰਤਨ ਸਿੰਘ ਤੇ ਐਂਪਲਾਈਜ਼ ਫ਼ੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਸੂਬਾ ਪ੍ਰਧਾਨ ਕੌਰ ਸਿੰਘ ਨੇ ਮੀਟਿੰਗ ਵਿੱਚ ਇਹ ਮੰਗ ਕੀਤੀ ਗਈ ਕਿ ਸਕੱਤਰ ਪਾਵਰ ਦੇ ਪੱਤਰ ਅਨੁਸਾਰ ਕ੍ਰਿਟੀਕਲ ਡਿਊਟੀਆਂ ਵਾਲੇ ਮੁਲਾਜ਼ਮਾਂ ਦੀਆਂ ਡਿਊਟੀਆਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਨਾ ਲਾਈਆਂ ਜਾਣ। ਇਸ ਦੇ ਨਾਲ ਹੀ ਇਹ ਫ਼ੈਸਲਾ ਕੀਤਾ ਗਿਆ ਕਿ ਜਦੋਂ ਤੱਕ ਇਹ ਡਿਊਟੀਆਂ ਰੱਦ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਮੁਲਾਜ਼ਮ ਇੱਕ ਪਾਸੇ ਹੀ ਆਪਣੀ ਡਿਊਟੀ ਨਿਭਾਉਣਗੇ। ਇਨ੍ਹਾਂ ਮੁਲਾਜ਼ਮਾਂ ਵੱਲੋਂ ਸਿਰਫ਼ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਲਗਾਈ ਗਈ ਡਿਊਟੀ ਹੀ ਨਿਭਾਈ ਜਾਵੇਗੀ। ਇਨ੍ਹਾਂ ਮੁਲਾਜ਼ਮਾਂ ਵੱਲੋਂ ਕੋਈ ਵੀ ਮਹਿਕਮਾਨਾ ਡਿਊਟੀ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਹਿਕਮੇ ਦੇ ਜਿਹੜੇ ਮੁਲਾਜ਼ਮਾਂ ਦੀ ਡਿਊਟੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਨਹੀਂ ਲਾਈ ਗਈ, ਉਹ ਵਰਕ ਟੂ ਰੂਲ ਅਨੁਸਾਰ ਆਪਣੀ ਡਿਊਟੀ ਕਰਨਗੇ। ਇਹ ਕੀਤੇ ਗਏ ਫ਼ੈਸਲਿਆਂ ਨੂੰ ਪੂਰੀ ਦ੍ਰਿੜ੍ਹਤਾ ਨਾਲ ਲਾਗੂ ਕਰਨ ਬਾਰੇ ਕਿਹਾ ਗਿਆ ਹੈ। ਇਸ ਦੌਰਾਨ ਪਾਵਰਕੌਮ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਕਾਰਨ ਪੰਜਾਬ ਸਰਕਾਰ ਅਤੇ ਪਾਵਰਕੌਮ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਮੀਟਿੰਗ ’ਚ ਸ਼ਿਆਮ ਲਾਲ, ਹਰਪ੍ਰੀਤ ਸਿੰਘ ਤੇ ਸਾਬਰ ਅਲੀ ਵੀ ਹਾਜ਼ਰ ਸਨ।