ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 8 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਬੀਕੇਯੂ ਡਕੌਦਾ ਧਨੇਰ ਦੇ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਦੁੱਗਾਂ ਦੀ ਪ੍ਰਧਾਨਗੀ ਹੇਠ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਹੋਈ। ਇਸ ਮੌਕੇ ਜੰਮੂ ਕਟੜਾ ਹਾਈਵੇਅ ਲਈ ਸੰਤੋਖਪੁਰਾ ਪਿੰਡ ਵਿਖੇ ਜਬਰੀ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ ਦੀ ਖੜ੍ਹੀ ਕਣਕ ਦੀ ਫ਼ਸਲ ’ਤੇ ਜੇਸੀਬੀ ਮਸ਼ੀਨਾਂ ਚਲਾਉਣ ਅਤੇ ਪਿੰਡ ਨਮੋਲ ਵਿਖੇ ਤੇਲ ਪਾਈਪਲਾਈਨ ਪਾਉਣ ਲਈ ਪ੍ਰਸ਼ਾਸਨ ਵੱਲੋਂ ਜਬਰੀ ਕਿਸਾਨਾਂ ਦੀ ਫਸਲ ਬਰਬਾਦ ਕਰਨ ਅਤੇ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕੌਮੀ ਖੇਤੀ ਮੰਡੀ ਨੀਤੀ ਖਰੜੇ ਨੂੰ ਰੱਦ ਕਰਵਾਉਣ ਅਤੇ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਲਾਗੂ ਕਰਵਾਉਣ ਸਬੰਧੀ 9 ਫਰਵਰੀ ਨੂੰ ਸੰਸਦ ਮੈਂਬਰ ਮੀਤ ਹੇਅਰ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ।
ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਤਿ ਜੇਕਰ ਜਬਰਦਸਤੀ ਕਿਸਾਨਾਂ ਦੀਆਂ ਜ਼ਮੀਨਾਂ ਸਹਿਮਤੀ ਤੋਂ ਬਿਨਾਂ ਐਕੁਆਇਰ ਕੀਤੀਆਂ ਗਈਆਂ ਅਤੇ ਯੋਗ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਪੰਜਾਬ ਸਰਕਾਰ ਨੂੰ ਇਸ ਦਾ ਸੇਕ ਝੱਲਣਾ ਪਵੇਗਾ। ਇਸ ਦੌਰਾਨ ਸੁਨਾਮ ਊਧਮ ਸਿੰਘ ਵਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੀ ਇੱਕ ਅਹਿਮ ਮੀਟਿੰਗ ਬਲਾਕ ਆਗੂ ਰਾਮ ਸਰਨ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਵੀ ਸੰਬੋਧਨ ਕੀਤਾ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਬਲਾਕ ਲਹਿਰਾਗਾਗਾ ਦੀ ਮੀਟਿੰਗ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਲੇਹਲ ਕਲਾਂ ਵਿੱਚ ਹੋਈ। ਇਸ ਮੌਕੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਖਜ਼ਾਨਚੀ ਲਖਵਿੰਦਰ ਸਿੰਘ ਡੂਡੀਆਂ ਤੇ ਜ਼ਿਲ੍ਹਾ ਆਗੂ ਸੁਖਦੇਵ ਸਿੰਘ ਲਹਿਲ ਕਲਾਂ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ 12 ਫਰਵਰੀ ਨੂੰ ਖਨੌਰੀ ਮੋਰਚੇ ’ਤੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਵਿੱਚ ਬਲਾਕ ਲਹਿਰਾਗਾਗਾ-ਮੂਨਕ ਦੇ ਹਰ ਪਿੰਡ ’ਚੋਂ ਸੈਂਕੜੇ ਦੀ ਗਿਣਤੀ ’ਚ ਕਿਸਾਨ-ਮਜ਼ਦੂਰ ਸ਼ਾਮਲ ਹੋਣਗੇ। ਇਸ ਮੌਕੇ ਜਤਿੰਦਰ ਸਿੰਘ ਜਲੂਰ ਨੇ 12 ਫਰਵਰੀ ਨੂੰ ਖਨੌਰੀ ਮੋਰਚੇ ’ਤੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਦੀਆਂ ਤਿਆਰੀਆਂ ਨੂੰ ਲੈ ਕੇ ਭਾਕਿਯੂ ਸਿੱਧੂਪੁਰ ਨੇ ਪਿੰਡ-ਪਿੰਡ ਵਿੱਚ ਕਿਸਾਨਾਂ ਦੀ ਲਾਮਬੰਦੀ ਕੀਤੀ।
ਬੀਕੇਯੂ ਉਗਰਾਹਾਂ ਵੱਲੋਂ ਪਾਵਰਕੌਮ ਮੁਲਾਜ਼ਮਾਂ ਦੀ ਹਮਾਇਤ
ਲਹਿਰਾਗਾਗਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਮੀਤ ਪ੍ਰਧਾਨ ਜਨਕ ਰਾਜ ਭੁਟਾਲ ਕਲਾਂ, ਬਲਾਕ ਲਹਿਰਾਗਾਗਾ ਦਾ ਪ੍ਰਧਾਨ ਬਹਾਲ ਸਿੰਘ ਢੀਂਡਸਾ ਨੇ ਪਾਵਰਕੌਮ ਦੇ ਚੀਫ ਇੰਜਨੀਅਰ ਲੁਧਿਆਣਾ ਵੱਲੋਂ ਪਾਵਰਕੌਮ ਆਊਟਸੋਰਸ ਟੈਕਨੀਕਲ ਆਫ਼ਿਸ ਵਰਕਰ ਐਸੋਸੀਏਸ਼ਨ ਦੇ ਧਰਨੇ ਕਾਰਨ 14 ਆਗੂਆਂ ਸਮੇਤ ਅਣਪਛਾਤੇ ਮੁਲਾਜ਼ਮਾਂ ’ਤੇ ਕੇਸ ਦਰਜ ਕਰਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਖ਼ਿਲਾਫ਼ ਦਰਜ ਕੇਸ ਰੱਦ ਕੀਤੇ ਜਾਣ ਅਤੇ ਹਾਜ਼ਰੀ ਛੇਤੀ ਯਕੀਨੀ ਬਣਾਈ ਜਾਵੇ। ਆਗੂਆਂ ਨੇ ਕਿਹਾ ਕਿ ਜਥੇਬੰਦੀ ਪਾਵਰਕੌਮ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਲਈ ਉਨ੍ਹਾਂ ਦੇ ਹੱਕ ਵਿੱਚ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਦਾ ਗਬਨ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਐਸੋਸੀਏਸ਼ਨ ਪ੍ਰਧਾਨ ਸਿਮਰਨਜੀਤ ਸਿੰਘ ਹਿਸੋਵਾਲ ਅਤੇ ਬਾਕੀ ਮੁਲਾਜ਼ਮਾਂ ਖ਼ਿਲਾਫ਼ ਕੇਸ ਰੱਦ ਨਾ ਕੀਤੇ ਅਤੇ ਮੁੜ ਡਿਊਟੀ ’ਤੇ ਬਹਾਲੀ ਨਾ ਕਰਵਾਇਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।
ਕੰਪਨੀ ਵੱਲੋਂ ਪਾਈਪ ਲਾਈਨ ਪਾਉਣ ਖ਼ਿਲਾਫ਼ ਧਰਨਾ ਜਾਰੀ
ਪਿੰਡ ਨਮੋਲ ਵਿਚ ਲਾਏ ਪੱਕੇ ਮੋਰਚੇ ਵਿੱਚ ਮੌਜੂਦ ਕਿਸਾਨ। ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਇਥੋਂ ਨੇੜਲੇ ਪਿੰਡ ਨਮੋਲ ਦੇ ਖੇਤਾਂ ਵਿੱਚ ਐੱਚਪੀ ਕੰਪਨੀਂ ਵੱਲੋਂ ਪਾਈ ਜਾ ਰਹੀ ਪਾਈਪਲਾਈਨ ਨੂੰ ਲੈ ਕੇ ਅੱਜ ਤੀਜੇ ਦਿਨ ਵੀ ਕਿਸਾਨ ਤੇ ਪ੍ਰਸ਼ਾਸਨ ਆਹਮੋਂ ਸਾਹਮਣੇ ਰਿਹਾ। ਕਿਸਾਨਾਂ ਵਲੋਂ ਪ੍ਰਸ਼ਾਸਨ ਨਾਲ ਕੀਤੀ ਮੀਟਿੰਗ ਬੇਸਿੱਟਾ ਰਹੀ, ਨਤੀਜਤਨ ਸੈਂਕੜੇ ਕਿਸਾਨਾਂ ਨੇ ਸੂਬਾ ਸਰਕਾਰ ਤੇ ਕੰਪਨੀਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਅਜਾ਼ਾਦ ਤੇ ਸਿੱਧੂਪੁਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕਿਰਤੀ ਕਿਸਾਨ ਯੂਨੀਅਨਾਂ ਦੇ ਕਾਰਕੁਨਾਂ ਨੇ ਦੋਸ਼ ਲਾਇਆ ਕਿ ਸੰਗਰੂਰ ਦਾ ਪ੍ਰਸ਼ਾਸਨ ਪਿੰਡ ਨਮੋਲ ਦੇ ਕਿਸਾਨਾਂ ਨਾਲ ਧੱਕਾ ਕਰ ਰਿਹਾ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਯੋਗ ਮੁੱਲ ਨਹੀਂ ਦੇ ਰਿਹਾ ਜਦੋਂ ਕਿ ਸੂਬਾ ਸਰਕਾਰ ਦੀ ਸਹਿ ਉੱਤੇ ਕੰਪਨੀਂ ਵਲੋਂ ਇਹ ਪਾਈਪਲਾਈਨ ਪਾਈ ਜਾ ਰਹੀ ਹੈ।