ਵਿਰੋਧੀ ਧਿਰਾਂ ਵੱਲੋਂ ਨਾਮਜ਼ਦਗੀਆਂ ਨਾ ਭਰਨ ਦੇਣ ਦੇ ਦੋਸ਼
‘ਆਪ’ ਆਗੂੁਆਂ ਖ਼ਿਲਾਫ਼ ਰੋਸ ਜਤਾਇਆ; ਸਾਬਕਾ ਵਿਧਾਇਕ ਜਲਾਲਪੁਰ ਨੇ ਲੇਟ ਕੇ ਵਿਰੋਧ ਕੀਤਾ
ਹਲਕਾ ਘਨੌਰ ਅੰਦਰ ਕਾਂਗਰਸ ਅਤੇ ਅਕਾਲੀ ਦਲ ਸਣੇ ਹੋਰ ਸਰਕਾਰ ਵਿਰੋਧੀ ਧਿਰਾਂ ਵੱਲੋਂ ਸੱਤਾਧਾਰੀ ਧਿਰ ’ਤੇ ਧਾਂਦਲੀਆਂ ਦੇ ਦੋਸ਼ ਲਾਏ ਹਨ।
ਆਗੂਆਂ ਨੇ ‘ਆਪ’ ਵਿਧਾਇਕ ਗੁਰਲਾਲ ਘਨੌਰ ’ਤੇ ਆਪਣੇ ਕਥਿਤ ਬੰਦਿਆਂ ਰਾਹੀਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਫਾਰਮ ਭਰਨ ਤੋਂ ਰੋਕਣ ਅਤੇ ਕਈਆਂ ਦੀਆਂ ਫਾਈਲਾਂ ਪਾੜਨ ਦੇ ਦੋਸ਼ ਵੀ ਲਾਏ ਹਨ। ਯੂਨੀਵਰਸਿਟੀ ਕਾਲਜ ਘਨੌਰ ਵਿੱਚ ਜਾਰੀ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਜਦੋਂ ਵਿਰੋਧੀਆਂ ਨੂੰ ਰੋਕਿਆ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਹੱਕ ’ਚ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰੰਘ ਝਿੰਜਰ ਕਾਲਜ ਦਾ ਗੇਟ ਟੱਪ ਕੇ ਜਬਰੀ ਅੰਦਰ ਜਾ ਵੜੇ। ਦੋਵਾਂ ਦੀ ਪੁਲੀਸ ਅਫਸਰਾਂ ਨਾਲ ਬਹਿਸ ਹੋਈ।
ਉਨ੍ਹਾਂ ਕਿਹਾ ਕਿ ਪੁਲੀਸ ਭਾਵੇਂ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰ ਦੇਵੇ ਪਰ ਉਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਇਸ ਦੌਰਾਨ ਵਿਧਾਇਕ ਅਤੇ ਉਨ੍ਹਾਂ ਦੀ ਟੀਮ ’ਤੇ ਵਿਰੋਧੀ ਉਮੀਦਵਾਰਾਂ ਦੀਆਂ ਫਾਈਲਾਂ ਪਾੜਨ ਦੇ ਦੋਸ਼ ਲਾਉਂਦਿਆਂ ਜਲਾਲਪੁਰ ਨੇ ਕਾਲਜ ਦੇ ਗੇਟ ’ਤੇ ਧਰਨਾ ਵੀ ਦਿੱਤਾ। ਜਦੋਂ ਪੁਲੀਸ ਉਨ੍ਹਾਂ ਨੂੰ ਲਾਂਭੇ ਕਰਨ ਆਈ ਤਾਂ ਉਹ ਗੇਟ ਦੇ ਸਾਹਮਣੇ ਲੇਟ ਕੇ ਰੋਸ ਜ਼ਾਹਿਰ ਕਰਨ ਲੱਗੇ। ਮਦਨ ਲਾਲ ਜਲਾਲਪੁਰ ਤੇ ਸਰਬਜੀਤ ਝਿੰਜਰ ਨੇ ਕਿਹਾ ਕਿ ਬਹੁਤਿਆਂ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਗਿਆ ਤੇ ਕਈਆਂ ਤੋਂ ਅੰਦਰ ‘ਆਪ’ ਕਾਰਕੁਨਾ ਨੇ ਫਾਈਲਾਂ ਖੋਹ ਲਈਆਂ। ਸਰਬਜੀਤ ਸਿੰਘ ਝਿੰਜਰ ਅਤੇ ਪੰਜਾਬ ਖਾਦੀ ਤੇ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਦੋਸ਼ ਲਗਾਇਆ ਕਿ ਨਾਮਜ਼ਦਗੀ ਜਮ੍ਹਾਂ ਕਰਵਾਉਣ ਸਮੇਂ ਉਮੀਦਵਾਰਾਂ ਨੂੰ ਇਕੱਲਿਆਂ ਅੰਦਰ ਭੇਜਿਆ ਗਿਆ, ਜਿੱਥੇ ‘ਆਪ’ ਪਾਰਟੀ ਦੇ ਗੁੰਡੇ ਪਹਿਲਾਂ ਹੀ ਮੌਜੂਦ ਸਨ, ਜੋ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਕਾਗ਼ਜ਼ ਪਾੜ ਰਹੇ ਸਨ। ਇਸ ਧੱਕੇਸ਼ਾਹੀ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਘਨੌਰ ਤੋਂ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਸਮਰਥਕਾਂ ਸਣੇ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਵਿਧਾਇਕ ਗੁਰਲਾਲ ਘਨੌਰ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਸਰਕਾਰ ਵਿਰੋਧੀ ਉਮੀਦਵਾਰਾਂ ਨੂੰ ਲੋਕ ਮੂੰਹ ਨਹੀਂ ਲਾ ਰਹੇ, ਜਿਸ ਦਾ ਭਾਂਡਾ ਇਹ ਲੋਕ ਹੁਣ ‘ਆਪ’ ਸਿਰ ਭੰਨ ਕੇ ਬਚਣਾ ਚਾਹੁੰਦੇ ਹਨ। ਰਿਟਰਨਿੰਗ ਅਫ਼ਸਰ ਗੁਰਸ਼ਰਨ ਸਿੰਘ ਵਿਰਕ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਬੇਬੁਨਿਆਦ ਦੱਸਿਆ।
ਜਲਾਲਪੁਰ ਨੇ ਧਮਕੀ ਦਿੱਤੀ
ਘਨੌਰ ਦੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ‘ਆਪ’ ਸਰਕਾਰ ਬਣਨ ਤੋਂ ਬਾਅਦ ਭਾਵੇਂ ਹੁਣ ਤੱਕ ਸ਼ਾਂਤ-ਚਿੱਤ ਪਾਸਾ ਵੱਟ ਕੇ ਚੱਲ ਰਹੇ ਸਨ ਪਰ ਚਾਰ ਸਾਲਾਂ ’ਚ ਅੱਜ ਪਹਿਲੀ ਵਾਰ ਉਨ੍ਹਾਂ ਆਪਣੇ ਸਿਆਸੀ ਵਿਰੋਧੀ ਤੇ ‘ਆਪ’ ਵਿਧਾਇਕ ਗੁਰਲਾਲ ਘਨੌਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਨ੍ਹਾਂ ਚੋਣਾਂ ਦੌਰਾਨ ਆਪਣੇ ਹਮਾਇਤੀਆਂ ’ਤੇ ਪਰਚੇ ਦਰਜ ਕਰਨ, ਧਾਂਦਲੀਆਂ ਕਰਦਿਆਂ ਉਨ੍ਹਾਂ ਦੀਆਂ ਫਾਈਲਾਂ ਪਾੜਨ ਦਾ ਗੰਭੀਰ ਨੋਟਿਸ ਲੈਂਦਿਆਂ ਉਹ ਵਿਧਾਇਕ ਨੂੰ ਸਿੱਧੇ ਹੋ ਗਏ। ਮੀਡੀਆ ਨਾਲ ਗੱਲਬਾਤ ਦੌਰਾਨ ਜਲਾਲਪੁਰ ਨੇ ਐਲਾਨ ਕੀਤਾ ਕਿ ਆਪਣੇ ਵਰਕਰਾਂ ਖਾਤਰ ਤਾਂ ਉਹ ਮਰ ਵੀ ਸਕਦੇ ਹਨ ਤੇ ਮਾਰ ਵੀ ਸਕਦੇ ਹਨ। ਕਾਂਗਰਸ ਆਗੂ ਨੇ ਕਿਹਾ ਕਿ ਵਰਕਰ ਉਨ੍ਹਾਂ ਦੀ ਜਿੰਦ-ਜਾਨ ਹਨ ਇਸ ਲਈ ਜੇਕਰ ਉਨ੍ਹਾਂ ਨਾਲ ਕਿਸੇ ਨੇ ਵਧੀਕੀ ਕੀਤੀ ਤਾਂ ਇਸ ਦਾ ਗੰਭੀਰ ਸਿੱਟੇ ਨਿਕਲਣਗੇ।

