ਪਿੰਡ ਘਰਾਚੋਂ ’ਚ ਘਰ ਦੀ ਛੱਤ ਡਿੱਗਣ ਕਾਰਨ ਬਿਰਧ ਔਰਤ ਦੀ ਮੌਤ, ਪੁੱਤਰ ਤੇ ਨੂੰਹ ਗੰਭੀਰ ਜ਼ਖ਼ਮੀ
ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 19 ਅਪਰੈਲ ਇੱਥੋਂ ਨੇੜਲੇ ਪਿੰਡ ਘਰਾਚੋਂ ਵਿਖੇ ਬੀਤੀ ਦੇਰ ਸ਼ਾਮ ਮਕਾਨ ਦੀ ਛੱਤ ਡਿੱਗਣ ਕਾਰਨ ਬਜ਼ੁਰਗ ਔਰਤ, ਉਸ ਦਾ ਪੁੱਤਰ ਅਤੇ ਨੂੰਹ ਮਲਬੇ ਹੇਠ ਦਬ ਗਏ। ਇਕੱਤਰ ਹੋਏ ਪਿੰਡ ਵਾਸੀਆਂ ਵੱਲੋਂ ਬੜੀ ਮੁਸ਼ੱਕਤ ਨਾਲ ਪਰਿਵਾਰ ਦੇ...
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 19 ਅਪਰੈਲ
ਇੱਥੋਂ ਨੇੜਲੇ ਪਿੰਡ ਘਰਾਚੋਂ ਵਿਖੇ ਬੀਤੀ ਦੇਰ ਸ਼ਾਮ ਮਕਾਨ ਦੀ ਛੱਤ ਡਿੱਗਣ ਕਾਰਨ ਬਜ਼ੁਰਗ ਔਰਤ, ਉਸ ਦਾ ਪੁੱਤਰ ਅਤੇ ਨੂੰਹ ਮਲਬੇ ਹੇਠ ਦਬ ਗਏ। ਇਕੱਤਰ ਹੋਏ ਪਿੰਡ ਵਾਸੀਆਂ ਵੱਲੋਂ ਬੜੀ ਮੁਸ਼ੱਕਤ ਨਾਲ ਪਰਿਵਾਰ ਦੇ ਜੀਆਂ ਨੂੰ ਮਲਬੇ ਹੇਠੋਂ ਕੱਢਿਆ ਗਿਆ। ਬਾਅਦ ਵਿੱਚ ਤਿੰਨਾਂ ਨੂੰ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ ਗਿਆ। ਪਿੰਡ ਵਾਸੀ ਦਲਜੀਤ ਸਿੰਘ ਅਤੇ ਕਿਸਾਨ ਆਗੂ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਪਿੰਡ ਦੀ ਚਾਂਦ ਪੱਤੀ ਵਿੱਚ ਰਹਿਣ ਵਾਲਾ ਅਮਰੀਕ ਸਿੰਘ ਘੁਮਾਣ ਆਪਣੀ ਪਤਨੀ ਹਰਜਿੰਦਰ ਕੌਰ ਤੇ ਮਾਤਾ ਜਸਮੇਲ ਕੌਰ (82) ਨਾਲ ਆਪਣੇ ਘਰ ਵਿਚ ਬੈਠੇ ਸਨ ਤਾਂ ਇਸ ਦੌਰਾਨ ਘਰ ਦੀ ਗਾਡਰ ਤੇ ਬਾਲਿਆਂ ਵਾਲੀ ਛੱਤ ਅਚਾਨਕ ਇਨ੍ਹਾਂ ਤਿੰਨਾਂ ਉੱਪਰ ਡਿੱਗ ਗਈ। ਹਸਪਤਾਲ ਵਿਖੇ ਜ਼ਖ਼ਮੀ ਬਜ਼ੁਰਗ ਔਰਤ ਜਸਮੇਲ ਕੌਰ ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਪੁੱਤਰ ਅਮਰੀਕ ਸਿੰਘ ਅਤੇ ਨੂੰਹ ਹਰਜਿੰਦਰ ਕੌਰ ਨੂੰ ਗੰਭੀਰ ਹਾਲਤ ਹੋਣ ਕਾਰਨ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਹਸਪਤਾਲ ਪਹੁੰਚ ਕੇ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ। ਛੱਤ ਦੇ ਮਲਬੇ ਹੇਠ ਨਵੀਂ ਕਾਰ, ਮੋਟਰਸਾਈਕਲ ਅਤੇ ਹੋਰ ਕੀਮਤੀ ਸਾਮਾਨ ਵੀ ਦਬ ਗਿਆ।