ਤੇਲਾ, ਹਲਦੀ ਰੋਗ ਤੇ ਬੌਣੇ ਵਾਇਰਸ ਨੇ ਝੋਨੇ ਦਾ ਭਾਰੀ ਨੁਕਸਾਨ ਕੀਤਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਵਿੰਦਰ ਸਿੰਘ ਕਾਕੜਾ ਨੇ ਝੋਨੇ ਦੇ ਖੇਤਾਂ ਵਿਚ ਤੇਲਾ, ਹਲਦੀ ਰੋਗ ਅਤੇ ਬੌਣੇ ਵਾਇਰਸ ਕਾਰਨ ਹੋਏ ਨੁਕਸਾਨ ਨੂੰ ਦਿਖਾਉਂਦਿਆਂ ਕਿਹਾ ਕਿ ਝੋਨੇ ਉਤੇ ਵਾਰ-ਵਾਰ ਮਹਿੰਗੇ ਭਾਅ ਦੀਆਂ ਸਪਰੇਆਂ ਕਰਨ ਦਾ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਪਰੇਅ ਕਰਨ ਵਾਲੇ ਮਜ਼ਦੂਰਾਂ ਦੀ ਕਾਫ਼ੀ ਘਾਟ ਹੈ ਕਿਉਂਕਿ ਲਗਾਤਾਰ ਹੋਈ ਬਰਸਾਤ ਕਾਰਨ ਮੌਸਮ ਬਦਲਣ ਨਾਲ ਝੋਨੇ ’ਤੇ ਕਈ ਬਿਮਾਰੀਆਂ ਦਾ ਹਮਲਾ ਜਾਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਗ਼ਲਤੀਆਂ ਕਾਰਨ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਹੜ੍ਹਾਂ ਤੋਂ ਬਚੇ ਇਲਾਕਿਆਂ ਵਿੱਚ ਫ਼ਸਲਾਂ ’ਤੇ ਬਿਮਾਰੀਆਂ ਨੇ ਹਮਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੌਣਾ ਰੋਗ ਕਾਰਨ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ।
ਕਾਕੜਾ ਨੇ ਕਿਹਾ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਨ ਕਿ ਪਿੰਡਾਂ ਵਿੱਚ ਖੇਤੀਬਾੜੀ ਦੇ ਮਾਸਟਰ ਆਇਆ ਕਰਨਗੇ ਅਤੇ ਇੱਕ ਵਾਰ ਵਿੱਚ ਹੀ ਪਿੰਡ ਵਿੱਚ ਸਪਰੇਅ ਕੀਤੀ ਜਾਵੇਗੀ। ਪਰ ਉਹ ਸਾਰਾ ਚੋਣ ਸਟੰਟ ਨਿਕਲਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਝੋਨੇ ਦੇ ਨੁਕਸਾਨ ਸਬੰਧੀ ਫੌਰੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।