ਤੀਆਂ ਤੀਜ ਦੀਆਂ: ਸਕੂਲਾਂ ਵਿੱਚ ਪਈ ਗਿੱਧੇ ਦੀ ਧਮਾਲ
ਪੱਤਰ ਪ੍ਰੇਰਕ
ਲਹਿਰਾਗਾਗਾ, 22 ਅਗਸਤ
ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈਨ ਲਹਿਲ ਖੁਰਦ ਵਿੱਚ ਪ੍ਰਿੰਸੀਪਲ ਰਿੱਤੂ ਗੋਇਲ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਵਿੱਚ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਦੀਆਂ ਲੋਪ ਹੋ ਰਹੀਆ ਰਵਾਇਤੀ ਤੇ ਮੂਲ ਪ੍ਰੰਪਰਾਵਾ ਦੇ ਰੂਬਰੂ ਕਰਵਾਇਆ ਗਿਆ। ਕਾਲਜ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀ ਧਮਾਲ ਪਾਈ। ਇਸ ਮੌਕੇ ਗਿੱਧੇ ਦੇ ਨਾਲ-ਨਾਲ ਵਿਦਿਆਰਥਣਾਂ ਵੱਲੋਂ ਗੀਤ, ਭੰਗੜਾ ਤੇ ਟੱਪੇ ਆਦਿ ਪੇਸ਼ ਕੀਤੇ ਗਏ। ਮਿਸ ਤੀਜ ਦਾ ਖਿਤਾਬ ਗਿਆਰ੍ਹਵੀਂ (ਆਰਟਸ) ਜਮਾਤ ਦੀ ਵਿਦਿਆਦਥਣ ਹਰਮਨਦੀਪ ਕੌਰ ਨੇ ਜਿੱਤਿਆ ਅਤੇ ਦੂਜੀ ਰਨਰਅਪ ਬਾਰ੍ਹਵੀਂ (ਆਰਟਸ ) ਜਮਾਤ ਦੀ ਬੇਅੰਤ ਕੌਰ ਰਹੀ। ਮਹਿੰਦੀ ਮੁਕਾਬਲੇ ਵਿੱਚ ਬੀਏ ਭਾਗ ਪਹਿਲਾ ਦੀ ਵਿਦਿਆਦਥਣ ਮੁਸਕਾਨ ਪਹਿਲੇ ਅਤੇ ਬੀ.ਏ ਭਾਗ ਦੂਜੇ ਦੀ ਪ੍ਰੀਤੀ ਦੂਜੇ ਅਤੇ ਖੁਸ਼ਪ੍ਰੀਤ ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਤੀਜੇ ਸਥਾਨ ’ਤੇ ਰਹੀ। ਕਾਲਜ ਦੇ ਚੇਅਰਮੈਨ ਰਾਜੇਸ਼ ਕੁਮਾਰ ਅਤੇ ਵਾਈਸ ਚੇਅਰਮੈਨ ਵਿਜੈ ਕਾਂਸਲ ਅਤੇ ਨਗਰ ਕੌਂਸਲ ਲਹਿਰਾ ਗਾਗਾ ਦੇ ਸਾਬਕਾ ਪ੍ਰਧਾਨ ਰਵੀਨਾ ਗਰਗ ਨੇ ਕਿਹਾ ਕਿ ਤੀਆਂ ਸਾਵਣ ਦੇ ਮਹੀਨੇ ਵਿੱਚ ਮੁਟਿਆਰਾ ਵੱਲੋਂ ਪੀਪਲਾਂ ਤੇ ਬੋਹੜਾਂ ’ਤੇ ਪੀਂਘਾਂ ਪਾਈਆਂ ਜਾਂਦੀਆਂ ਹਨ ਜੋ ਸਾਨੂੰ ਪੰਜਾਬ ਦੀ ਪ੍ਰਕਿਰਤੀ ਅਤੇ ਸਭਿਆਚਾਰ ਨਾਲ ਜੋੜਦੀਆ ਹਨ। ਇਸ ਮੌਕੇ ਸੈਕਟਰੀ ਪ੍ਰੇਮ ਕੁਮਾਰ ਅਤੇ ਕਾਲਜ ਪ੍ਰਿੰਸੀਪਲ ਰੀਤੂ ਗੋਇਲ ਨੇ ਬੱਚਿਆਂ ਨੂੰ ਪੰਜਾਬੀ ਪਹਿਰਾਵੇ ਅਤੇ ਪੰਜਾਬੀ ਬੋਲੀਆਂ ਤੇ ਪੰਜਾਬੀ ਸੱਭਿਆਚਾਰ ਅੰਦਰ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਕਾਲਜ ਪ੍ਰਬੰਧਕੀ ਮੈਂਬਰ ਮੋਨਿਕਾ, ਪ੍ਰਿੰਸੀਪਲ ਡਾ ਸੀਮਾ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
ਪਾਤੜਾਂ (ਪੱਤਰ ਪ੍ਰੇਰਕ): ਡੀ.ਏ.ਵੀ. ਪਬਲਿਕ ਸਕੂਲ ਪਾਤੜਾਂ ਵਿੱਚ ਮਨਾਏ ਗਏ ਤੀਜ ਦੇ ਤਿਉਹਾਰ ਦੌਰਾਨ ਸੀਨੀਅਰ ਵਿੰਗ ਦੀਆਂ ਵਿਦਿਆਰਥਣਾਂ ਨੇ ਗਿੱਧਾ ਤੇ ਭੰਗੜਾ ਪੇਸ਼ ਕਰ ਕੇ ਖੂਬ ਰੰਗ ਬੰਨ੍ਹਿਆ। ਇਸੇ ਦੌਰਾਨ ਪ੍ਰਦਰਸ਼ਨੀ ਰਾਹੀਂ ਸੰਧਾਰੇ ਦੀ ਰਸਮ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ ਸੀਨੀਅਰ ਵਿੰਗ ਦੀਆਂ ਵਿਦਿਆਰਥਣਾਂ ਨੇ ਗਿੱਧਾ ਤੇ ਭੰਗੜਾ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ ਤੇ ਸੰਧਾਰਾ ਪ੍ਰਦਰਸ਼ਨੀ ਲਾ ਕੇ ਲੋਪ ਹੋ ਰਹੇ ਰੀਤੀ ਰਿਵਾਜ ਮੁੜ ਸਰਜੀਤ ਕਰਨ ਦੀ ਕੋਸ਼ਿਸ਼ ਕੀਤੀ। ਸਕੂਲ ਦੇ ਪ੍ਰਿੰਸੀਪਲ ਮੀਨਾ ਥਾਪਰ ਨੇ ਤੀਜ ਦੇ ਤਿਉਹਾਰ ਤੇ ਸੰਧਾਰੇ ਦੀ ਰਸਮ ਦੇ ਪਿਛੋਕੜ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਦਿਆਂ ਤੀਜ ਨੂੰ ਪੰਜਾਬੀ ਸੱਭਿਆਚਾਰ ਦਾ ਪ੍ਰਮੁੱਖ ਤਿਉਹਾਰ ਦੱਸਿਆ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਅਲਪਾਇਨ ਪਬਲਿਕ ਸਕੂਲ ਵਿੱਚ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਸਕੂਲ ਵਿਦਿਆਰਥਣਾਂ ਨੇ ਦਿਲਕਸ਼ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਸਕੂਲ ਮੈਨੇਜਰ ਹਰਮੀਤ ਸਿੰਘ ਗਰੇਵਾਲ ਅਤੇ ਪ੍ਰਿੰਸੀਪਲ ਰੋਮਾ ਅਰੋੜਾ ਨੇ ਸਕੂਲੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਮੂਨਕ (ਪੱਤਰ ਪ੍ਰੇਰਕ): ਲਾਰਡ ਸ਼ਿਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਮੀਰਗੜ੍ਹ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਵਿੱਚ ਸ੍ਰੀਮਤੀ ਸਿਮਰਨਜੀਤ ਕੌਰ ਭੂਤਗੜ੍ਹ ਨੂੰ ‘ਮਿਸਿਜ ਤੀਜ’ ਵਜੋਂ ਸਨਮਾਨਤ ਕੀਤਾ ਗਿਆ। ਇਸ ਦੌਰਾਨ ਬੱਚਿਆਂ ਵੱਲੋਂ ਕੋਰਿਓਗ੍ਰਾਫੀ, ਲੋਕ ਗੀਤ, ਭੰਗੜਾ, ਗਿੱਧਾ ਪੇਸ਼ ਕੀਤਾ ਗਿਆ। ਬੀ.ਐਡ ਕਾਲਜ ਦੇ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਸਮੁੱਚੇ ਪ੍ਰੋਗਰਾਮ ਦੀ ਸਫ਼ਲਤਾ ਲਈ ਸਕੂਲ ਸਟਾਫ ਤੇ ਬੱਚਿਆਂ ਨੂੰ ਵਧਾਈ ਦਿੱਤੀ। ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸੀਮਾ ਰਾਣੀ ਨੇ ਤੀਆਂ ਦੇ ਤਿਉਹਾਰ ਬਾਰੇ ਦੱਸਿਆ।
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਆਧਾਰ ਪਬਲਿਕ ਸਕੂਲ ਬਡਰੁੱਖਾਂ ਵਿੱਚ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਲੋਕ ਗੀਤ, ਬੋਲੀਆਂ, ਡਾਂਸ, ਗਿੱਧਾ, ਭੰਗੜਾ ਅਤੇ ਮਾਡਲਿੰਗ ਪੇਸ਼ ਕਰ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪੰਜਾਬੀ ਸੱਭਿਆਚਾਰ ਦੀ ਝਲਕ ਦਿਖਾਉਣ ਲਈ ਪ੍ਰੋਗਰਾਮ ਵਿੱਚ ਫੁਲਕਾਰੀਆਂ, ਛੱਜ, ਚਾਟੀ, ਮਧਾਣੀਆਂ ਸਜਾਈਆਂ ਗਈਆਂ।
ਭਾਸ਼ਾ ਵਿਭਾਗ ਦੇ ਵਿਹੜੇ ਲੱਗਿਆ ਤੀਆਂ ਦਾ ਮੇਲਾ
ਪਟਿਆਲਾ (ਪੱਤਰ ਪ੍ਰੇਰਕ): ਭਾਸ਼ਾ ਵਿਭਾਗ ਦੇ ਵਿਹੜੇ ’ਚ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋਂ ਰੰਗਲੇ ਪੰਜਾਬ ਤੀਆਂ ਦਾ ਮੇਲਾ ਲਾਇਆ ਗਿਆ। ਮੇਲੇ ਦੀਆਂ ਖੂਬ ਰੌਣਕਾਂ ਲੱਗੀਆਂ। ਵੱਖੋ-ਵੱਖ ਬੋਲੀਆਂ ’ਚ ਮੁਟਿਆਰਾਂ ਨੇ ਭੈਣ-ਭਰਾ, ਨੂੰਹ-ਸੱਸ, ਦਿਉਰ-ਭਰਜਾਈ ਅਤੇ ਹੋਰ ਵੱਖੋ-ਵੱਖ ਰਿਸ਼ਤਿਆਂ ਨਾਲ ਸਬੰਧਤ ਸੱਭਿਆਚਾਰਕ ਬੋਲੀਆਂ ’ਤੇ ਗਿੱਧਾ ਪਾਇਆ। ਤੀਆਂ ਦੀ ਸ਼ੁਰੂਆਤ ਵਿੱਚ ਮਨਜੀਤ ਕੌਰ ਆਜ਼ਾਦ ਨੇ ਤੀਆਂ ਮਨਾਉਣ ਬਾਰੇ ਜਾਣਕਾਰੀ ਦਿੱਤੀ। ਮੇਲੇ ਦੀ ਪ੍ਰਧਾਨਗੀ ਕਰਮਜੀਤ ਕੌਰ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਕੀਤੀ, ਮੁੱਖ ਮਹਿਮਾਨ ਡਾ. ਰਾਮਿੰਦਰ ਕੌਰ ਸਿਵਲ ਸਰਜਨ ਸਨ ਜਦ ਕਿ ਵਿਸੇਸ਼ ਤੌਰ ’ਤੇ ਵੀਰਪਾਲ ਕੌਰ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ ਤੇ ਸੀਨੀਅਰ ਲੀਡਰ ਰਾਜੂ ਸਾਹਨੀ ਆਮ ਆਦਮੀ ਪਾਰਟੀ ਨੇ ਸ਼ਿਰਕਤ ਕੀਤੀ।