ਸੱਤ ਦਰਜਨ ਤੋਂ ਵੱਧ ਦੁਕਾਨਦਾਰਾਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਦੇ ਨੋਟਿਸ
ਬੀਰਬਲ ਰਿਸ਼ੀ
ਧੂਰੀ, 26 ਜੂਨ
ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਦੇ ਧੂਰੀ ਸ਼ਹਿਰ ਦੇ ਬਜ਼ਾਰ ਅੰਦਰਲੀ ਮਾਲੇਰਕੋਟਲਾ ਬਾਈਪਾਸ ਤੋਂ ਸੰਗਰੂਰ ਬਾਈਪਾਸ ਵਾਲੀ ਨਵੀਂ ਬਣ ਰਹੀ ਸੜਕ ਦੇ ਆਲੇ-ਦੁਆਲੇ ਦੁਕਾਨਦਾਰਾਂ ਦੇ ਆਪਣੀ ਨਿਰਧਾਰਤ ਜਗ੍ਹਾ ਤੋਂ ਅੱਗੇ ਤੱਕ ਬਣਾਏ ਵਾਧਰੇ, ਥੜ੍ਹੇ, ਨਜਾਇਜ਼ ਉਸਾਰੀ ਤੇ ਨਜਾਇਜ਼ ਕਬਜ਼ੇ ਹਟਾਉਣ ਲਈ ਨਗਰ ਕੌਂਸਲ ਨੇ ਤਕਰੀਬਨ ਸੱਤ ਦਰਜਨ ਦੁਕਾਨਦਾਰਾਂ ਨੂੰ ਨੋਟਿਸ ਭੇਜੇ ਹਨ। ਸ਼ਹਿਰ ਨਾਲ ਸਬੰਧਤ ਕਰਿਆਨਾ ਸਟੋਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪ੍ਰਮੋਦ ਗੁਪਤਾ ਨੇ ਕਿਹਾ ਕਿ ਉਹ ਨਾਜਾਇਜ਼ ਕਬਜ਼ਿਆਂ ਦੇ ਖ਼ਿਲਾਫ਼ ਹਨ ਅਤੇ ਇਸ ਕਾਰਵਾਈ ਦਾ ਸਵਾਗਤ ਕਰਦੇ ਹਨ। ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਨੇ ਦੱਸਿਆ ਕਿ ਵਪਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਦੁਕਾਨਾਂ ਅੱਗੇ ਬਣਾਏ ਥੜ੍ਹੇ ਹਟਾ ਲੈਣ ਤਾਂ ਕਿ ਨਾਲੀਆਂ ਦੀਆਂ ਜ਼ਮੀਨਦੋਜ਼ ਪਾਈਪਾਂ ਪਾਈਆਂ ਜਾ ਸਕਣ। ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਮੁਨੀਸ਼ ਕੁਮਾਰ ਨੇ ਦੱਸਿਆ ਕਿ ਸੰਗਰੂਰ ਬਾਈਪਾਸ ਤੋਂ ਧੂਰੀ ਰੇਲਵੇ ਫਾਟਕਾਂ ਤੱਕ, ਮਾਲੇਰਕੋਟਲਾ ਬਾਈਪਾਸ ਤੋਂ ਮਹਾਂਵੀਰ ਮੰਦਿਰ ਤੱਕ ਸੜਕ ਦੀ ਇੱਕ ਪਰਤ ਲੁੱਕ ਪਾਈ ਗਈ ਹੈ ਜਦੋਂ ਕਿ ਮਹਾਂਵੀਰ ਮੰਦਿਰ ਤੋਂ ਫਾਟਕਾਂ ਤੱਕ ਪੀਐਸਪੀਸੀਐਲ ਵੱਲੋਂ ਖੰਭੇ ਸਿਫ਼ਟ ਕਰਨ ਦਾ ਕੰਮ ਅਧੂਰਾ ਹੈ।
ਤਿੰਨ ਦਿਨ ਦਾ ਸਮਾਂ ਦਿੱਤਾ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਤਕਰੀਬਨ 80 ਤੋਂ 90 ਦੁਕਾਨਦਾਰਾਂ ਨੂੰ ਅਜਿਹੇ ਨੋਟਿਸ ਜਾਰੀ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਨਜ਼ਾਇਜ਼ ਥੜ੍ਹੇ ਹਟਾਉਣ ਲਈ ਤਿੰਨ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰੋੜਾਂ ਦੀ ਲਾਗਤ ਨਾਲ ਨਵੀਂ ਬਣ ਰਹੀ ਸੜਕ ਨੂੰ ਬਚਾਉਣ ਲਈ ਇੰਟਰਲਾਕ ਟਾਈਲਾਂ ਦੇ ਨਾਲ-ਨਾਲ ਪਾਣੀ ਦੀ ਨਿਕਾਸੀ ਲਈ ਸੜਕ ਦੇ ਆਲੇ-ਦੁਆਲੇ ਪਾਈਪ ਲਾਈਨ ਲਈ ਵੀ ਜਗ੍ਹਾ ਚਾਹੀਦੀ ਹੈ।