ਪੋਲਟਰੀ ਫਾਰਮ ’ਚ ਪਾਣੀ ਭਰਨ ਕਾਰਨ ਨੌਂ ਹਜ਼ਾਰ ਚੂਜ਼ੇ ਮਰੇ
ਪਿੰਡ ਥਲੇਸਾਂ ਵਿੱਚ ਭਾਰੀ ਮੀਂਹ ਕਾਰਨ ਪੋਲਟਰੀ ਫਾਰਮ ਦੀ ਛੱਤ ਡਿੱਗ ਗਈ ਤੇ ਫਾਰਮ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ 9 ਹਜ਼ਾਰ ਬੁਆਇਲਰ ਚੂਜ਼ਾ ਮਰ ਗਿਆ। ਪੋਲਟਰੀ ਫਾਰਮ ਦੇ ਮਾਲਕ ਅਨੁਸਾਰ ਉਸ ਦਾ ਕਰੀਬ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪਿੰਡ ਬਾਲੀਆਂ ਵਿੱਚ ਵੀ ਪੋਲਟਰੀ ਫਾਰਮ ਦਾ ਸ਼ੈੱਡ ਢਹਿ ਗਿਆ ਹੈ। ਸੰਗਰੂਰ ਦੇ ਵਸਨੀਕ ਵਿਪਿਨ ਬਾਂਗੀਆਂ ਨੇ ਦੱਸਿਆ ਕਿ ਨੇੜਲੇ ਪਿੰਡ ਥਲੇਸਾਂ ਵਿਖੇ ਉਸਦਾ ਪੋਲਟਰੀ ਫਾਰਮ ਸੀ ਜਿਸ ਵਿਚ 10200 ਬੁਆਇਲਰ ਚੂਜ਼ਾ ਪਾਇਆ ਸੀ ਜੋ ਕਿ ਕਰੀਬ 15 ਕੁ ਦਿਨ ਦਾ ਸੀ। ਉਨ੍ਹਾਂ ਦੱਸਿਆ ਕਿ ਪੋਲਟਰੀ ਫਾਰਮ ਵਿਚ ਜਿਥੇ ਬਾਹਰੋਂ ਪਾਣੀ ਦਾਖਲ ਹੋ ਗਿਆ ਤੇ 9 ਹਜ਼ਾਰ ਚੂਜ਼ਿਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਬਾਕੀ ਬਚਦੇ 1200 ਚੂਜ਼ੇ ਵੀ ਮਰਨ ਕਿਨਾਰੇ ਹਨ। ਉਨ੍ਹਾਂ ਦੱਸਿਆ ਕਿ ਪੋਲਟਰੀ ਫਾਰਮ ਦਾ ਸੈਡ ਡਿੱਗਣ ਕਾਰਨ ਅਤੇ ਚੂਜ਼ਿਆਂ ਦੀ ਮੌਤ ਹੋਣ ਕਾਰਨ ਉਸਦਾ ਲਗਭਗ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਹੋਏ ਨੁਕਸਾਨ ਦਾ ਮੂਆਵਜ਼ਾ ਦਿੱਤਾ ਜਾਵੇ। ਇਸੇ ਤਰ੍ਹਾਂ ਪਿੰਡ ਬਾਲੀਆਂ ਵਿੱਚ ਡਰੇਨ ਦੇ ਪਾਣੀ ਪੋਲਟਰੀ ਫਾਰਮ ਦੇ ਸ਼ੈੱਡ ਦਾ ਦੋ ਮੰਜ਼ਿਲਾ ਵੱਡਾ ਹਿੱਸਾ ਢਹਿ ਢੇਰੀ ਹੋ ਗਿਆ। ਸ਼ਿਵਮ ਕਲੋਨੀ ਸੰਗਰੂਰ ਦੇ ਵਸਨੀਕ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਬਾਲੀਆਂ ਵਿੱਚ ਉਸ ਦਾ ਪੋਲਟਰੀ ਫਾਰਮ ਹੈ ਜੋ ਕਿ ਕੁੱਝ ਦਿਨ ਪਹਿਲਾਂ ਹੀ ਖਾਲੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਕਰੀਬ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।