ਨਗਰ ਕੀਰਤਨ ਦਾ ਸੰਗਰੂਰ ’ਚ ਭਰਵਾਂ ਸਵਾਗਤ
ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਵਿਸ਼ਰਾਮ ਉਪਰੰਤ ਅੱਜ ਅਗਲੇ ਪੜਾਅ ਲਈ ਰਵਾਨਾ ਹੋਇਆ
ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ- ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਧੋਬੜੀ ਸਾਹਿਬ ਆਸਾਮ ਤੋਂ ਰਵਾਨਾ ਹੋਇਆ ਵਿਸ਼ਾਲ ਅਲੌਕਿਕ ਨਗਰ ਕੀਰਤਨ ਬੀਤੀ ਰਾਤ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਪੁੱਜਿਆ। ਰਾਤ ਨੂੰ ਵਿਸ਼ਰਾਮ ਕਰਨ ਉਪਰੰਤ ਅੱਜ ਸਵੇਰੇ ਕਰੀਬ ਦਸ ਵਜੇ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਬਾਬਾ ਟੇਕ ਸਿੰਘ ਧਨੌਲਾ ਦੀ ਦੇਖ-ਰੇਖ ਹੇਠ ਇਹ ਨਗਰ ਕੀਰਤਨ ਅਗਲੇ ਪੜਾਅ ਵੱਲ ਰਵਾਨਾ ਹੋਇਆ। ਨਗਰ ਕੀਰਤਨ ਦਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਰੁਮਾਲੇ ਅਤੇ ਪੰਜ ਪਿਆਰਿਆਂ ਨੂੰ ਸਿਰੋਪੇ ਭੇਟ ਕੀਤੇ ਗਏ। ਨਾਨਕਿਆਣਾ ਚੌਕ, ਹਰੀਪੁਰਾ ਰੋਡ, ਪੂਨੀਆਂ ਟਾਵਰ ਅਤੇ ਭਗਵਾਨ ਮਹਾਵੀਰ ਚੌਂਕ ’ਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਹੋਇਆ। ਪੁਲੀਸ ਲਾਈਨ ਅੱਗੇ ਸੰਗਰੂਰ ਪੁਲੀਸ ਦੀ ਟੁਕੜੀ ਵੱਲੋਂ ਸਤਿਕਾਰ ਭੇਟ ਕਰਦਿਆਂ ਨਗਰ ਕੀਰਤਨ ਨੂੰ ਸਲਾਮੀ ਦਿੱਤੀ ਗਈ। ਸਵਾਗਤੀ ਪੜਾਅ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਬਾਬਾ ਟੇਕ ਸਿੰਘ ਧਨੌਲਾ, ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਇੰਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਅਕਾਲੀ ਆਗੂ ਇਕਬਾਲਜੀਤ ਸਿੰਘ ਪੂਨੀਆ, ਐੱਸਜੀਪੀਸੀ ਮੈਂਬਰ ਮਲਕੀਤ ਸਿੰਘ ਚੰਗਾਲ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਕੁਲਵੰਤ ਸਿੰਘ ਬੁਰਜ, ਸਤਨਾਮ ਸਿੰਘ ਦਮਦਮੀ ਤੋਂ ਇਲਾਵਾ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਸਮੇਤ ਵੱਖ-ਵੱਖ ਰਾਜਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਸ਼ਾਮਲ ਸਨ। ਜਥੇਦਾਰ ਸੰਤ ਬਾਬਾ ਟੇਕ ਸਿੰਘ ਧਨੌਲਾ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਵੱਲੋਂ ਰਾਜਨੀਤਕ ਅਤੇ ਧਾਰਮਿਕ ਸ਼ਖ਼ਸ਼ੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਪਿੰਡ ਬਡਰੁੱਖਾਂ ਵਿਖੇ ਵੀ ਨਗਰ ਕੀਰਤਨ ਦਾ ਭਰਵਾਂ ਸਵਾਗਤ ਹੋਇਆ ਜਿੱਥੋਂ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋਇਆ ਜਿਸਦੀ ਸਮਾਪਤੀ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗੀ।

