ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਾਭਾ ਸ਼ਹਿਰ ਮੀਂਹ ਨਾਲ ਜਲ-ਥਲ

ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਵਿੱਚ ਰੋਸ
Advertisement

ਮੋਹਿਤ ਸਿੰਗਲਾ

ਨਾਭਾ, 18 ਜੂਨ

Advertisement

ਇਲਾਕੇ ਵਿੱਚ ਅੱਜ ਸਵੇਰ ਪਏ ਮੀਂਹ ਕਾਰਨ ਪਾਰਾ ਡਿੱਗਣ ਮਗਰੋਂ ਤੇਜ਼ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ, ਪਰ ਸ਼ਹਿਰ ਵਿੱਚ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਸ਼ਹਿਰ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸਿਨੇਮਾ ਰੋਡ, ਹਾਥੀਖਾਨਾ, ਹਸਪਤਾਲ ਰੋਡ, ਮੈਹਸ ਗੇਟ ਬਾਜ਼ਾਰ, ਪਟਿਆਲਾ ਗੇਟ, ਹੀਰਾ ਮਹਿਲ, ਕਰਤਾਰਪੁਰ ਮੁਹੱਲਾ, ਭੀਖੀ ਮੋੜ ਬਾਜ਼ਾਰ ਆਦਿ ਸਾਰੇ ਇਲਾਕਿਆਂ ਵਿਚ ਹੜ੍ਹਾਂ ਵਰਗੀ ਸਥਿਤੀ ਬਣ ਗਈ। ਘਰਾਂ ਅਤੇ ਦੁਕਾਨਾਂ ਵਿਚ ਪਾਣੀ ਵੜਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਵਿਚ ਡੁੱਬੇ ਮੈਹਸ ਗੇਟ ਚੌਕ ਵਿੱਚ ਟੋਏ ਦਾ ਪਤਾ ਨਾ ਲੱਗਣ ਕਾਰਨ ਇੱਕ ਈ-ਰਿਕਸ਼ਾ ਦਾ ਪਹੀਆ ਨਿਕਲ ਗਿਆ ਤੇ ਰਿਕਸ਼ਾ ਚਾਲਕ ਦੇ ਸੱਟਾਂ ਲੱਗੀਆਂ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਹਸਤਪਾਲ ਦੇ ਬਾਹਰ ਬਾਜ਼ਾਰ ਵਿੱਚ ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਹਸਪਤਾਲ ਦੇ ਅੰਦਰ ਵਹਿ ਰਿਹਾ ਹੈ। ਜਲ ਮਗਨ ਹੋਏ ਨਾਭਾ ਬੱਸ ਅੱਡੇ ਵਿਚ ਸਵਾਰੀਆਂ ਨੂੰ ਕਈ ਬੱਸਾਂ ਨੇ ਅੱਡੇ ਦੇ ਬਾਹਰ ਹੀ ਉਤਾਰਿਆ ਤੇ ਉਥੋਂ ਹੀ ਚੜ੍ਹਾਇਆ। ਆਪਣੇ ਪ੍ਰਚਾਰ ਪਸਾਰ ਲਈ ਨਗਰ ਕੌਂਸਲ ਪ੍ਰਧਾਨ ਵੱਲੋਂ ਬਣਾਏ ਸ਼ਹਿਰ ਵਾਸੀਆਂ ਅਤੇ ਕੌਂਸਲਰਾਂ ਵੱਲੋਂ ਬਣਾਏ ਗਏ ਆਪਣੇ ਵਾਰਡ ਵਾਸੀਆਂ ਦੇ ਵ੍ਹਟਸਐਪ ਗਰੁੱਪਾਂ ਵਿਚ ਲੋਕਾਂ ਨੇ ਨਿਕਾਸੀ ਦੇ ਮਾੜੇ ਪ੍ਰਬੰਧਾਂ ਦੀਆਂ ਵੀਡੀਓ ਬਣਾ-ਬਣਾ ਪਾਉਂਦੇ ਹੋਏ ਸਰਕਾਰੀ ਧਿਰ ਦੇ ਨਾਲ ਨਾਲ ਚੁੱਪ ਬੈਠੀ ਵਿਰੋਧੀ ਧਿਰ ਨੂੰ ਵੀ ਕੋਸਦੇ ਰਹੇ। ਸ਼ਹਿਰ ਦੇ ਨਾਲਿਆਂ ’ਤੇ ਨਾਜਾਇਜ਼ ਕਬਜ਼ਿਆਂ ਅਤੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਨਾਲਿਆਂ ਦੀ ਸਫ਼ਾਈ ਨਾ ਕਰਾਉਣ ਕਾਰਨ ਸ਼ਹਿਰ ਵਾਸੀਆਂ ਨੇ ਸੋਸ਼ਲ ਮੀਡਿਆ ’ਤੇ ਕਾਫ਼ੀ ਰੋਸ਼ ਜ਼ਾਹਿਰ ਕਰਦਿਆਂ ਸਰਕਾਰ ਦੇ ਕੇਵਲ ਬਿਆਨਬਾਜ਼ੀ ’ਤੇ ਕਾਫ਼ੀ ਵਿਅੰਗ ਕੀਤੇ। ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਨੇ ਖੁਦ ਨੂੰ ਵਿਅਸਤ ਦੱਸਦੇ ਹੋਏ ਗੱਲ ਨਹੀਂ ਕੀਤੀ।

Advertisement