ਕਰਬਲਾ ਦੇ ਸ਼ਹੀਦਾਂ ਦੀ ਯਾਦ ’ਚ ਮੁਹੱਰਮ ਦਾ ਮਾਤਮੀ ਜਲੂਸ ਕੱਢਿਆ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 6 ਜੁਲਾਈ
ਕਰਬਲਾ ਦੇ ਮੈਦਾਨ ’ਚ ਇਸਲਾਮ ਧਰਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਦੇ ਦੋਹਤੇ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਦੀ ਯਾਦ ’ਚ ਸ਼ਹਿਰ ’ਚ ਸ਼ੀਆ ਮੁਸਲਿਮ ਭਾਈਚਾਰੇ ਦੇ ਸੈਂਕੜੇ ਲੋਕਾਂ ਵੱਲੋਂ ਸ਼ੀਆ ਮੁਸਲਿਮ ਤਨਜ਼ੀਮਾਂ ਦੀ ਅਗਵਾਈ ਹੇਠ ਮੁਹੱਰਮ ਦਾ ਮਾਤਮੀ ਜਲੂਸ ਕੱਢ ਕੇ ਹਜ਼ਰਤ ਇਮਾਮ ਹੁਸੈਨ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਸਮਰਪਿਤ ਮੁਹੱਰਮ ਦਾ ਦਿਹਾੜਾ ਮੁਸਲਿਮ ਸ਼ੀਆ ਭਾਈਚਾਰੇ ਵੱਲੋਂ ਸਾਰੀ ਦੁਨੀਆਂ ਅੰਦਰ ਮਾਤਮੀ ਜਲੂਸ ਕੱਢ ਕੇ ਮਨਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਸ਼ੀਆ ਮੁਸਲਮਾਨਾਂ ਵੱਲੋਂ ਮਾਤਮੀ ਮਾਹੌਲ ’ਚ ਮਾਲੇਰਕੋਟਲਾ ਸ਼ਹਿਰ ਅੰਦਰ ਦੋ ਦਿਨ ਮਾਤਮੀ ਜਲੂਸ ਕੱਢੇ ਗਏ। ਅੱਜ ਸ਼ੀਆ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਦੇ ਸੋਗ ’ਚ ਕਾਲੇ ਕੱਪੜੇ ਪਹਿਨ ਅਤੇ ਸਿਰਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਮਾਮਬਾੜਾ ਖੋਜਗਾਨ ਵਿੱਚ ਇਕੱਤਰ ਹੋਏ।
ਇਮਾਮਬਾੜੇ ’ਚ ਕਰਵਾਈ ਮਜਲਿਸ ਦੌਰਾਨ ਮੌਲਾਨਾ ਸੱਯਦ ਸ਼ਮਸੀ ਰਜ਼ਾ ਇਮਾਮਬਾੜਾ ਖੋਜਗਾਨ, ਮੌਲਾਨਾ ਸ਼ਮੀਮ ਉਲ ਹਸਨ ਸ਼ਿਰਾਜ਼ੀ ਇਮਾਮਵਾੜਾ ਰਿਆਸਤ ਅਤੇ ਮੌਲਾਨਾ ਸੱਯਦ ਮੁਹੰਮਦ ਮਿਕਦਾਦ ਆਬਿਦੀ ਇਮਾਮਵਾੜਾ ਅਹਿਸਾਨੀਆ ਆਦਿ ਨੇ ਹਜ਼ਰਤ ਇਮਾਮ ਹੁਸੈਨ ਵੱਲੋਂ ਕਰਬਲਾ ’ਚ ਮਜ਼ਲੂਮਾਂ ਅਤੇ ਇਨਸਾਨੀਅਤ ਲਈ ਦਿੱਤੀ ਸ਼ਹਾਦਤ ਨੂੰ ਯਾਦ ਕੀਤਾ। ਮਾਤਮੀ ਜਲੂਸ ਦੇ ਵੱਖ ਵੱਖ ਪੜਾਵਾਂ ’ਤੇ ਸੰਬੋਧਨ ਕਰਦਿਆਂ ਸ਼ੀਆ ਧਾਰਮਿਕ ਵਿਦਵਾਨਾਂ ਨੇ ਕਿਹਾ ਕਿ ਧਰਮ ਅਤੇ ਮਾਨਵਤਾ ਲਈ ਜਾਨ ਦੀ ਬਾਜ਼ੀ ਲਾਉਣ ਵਾਲਿਆਂ ਨੂੰ ਹਮੇਸ਼ਾ ਇਮਾਮ ਹੁਸੈਨ ਵਾਂਗ ਯਾਦ ਕੀਤਾ ਜਾਂਦਾ ਹੈ। ਸਥਾਨਕ ਸ਼ੀਸ਼ ਮਹਿਲ ਸਾਹਮਣੇ ਖੁੱਲ੍ਹੇ ਮੈਦਾਨ ’ਚ ਮਾਤਮੀ ਜਲੂਸ ਦੌਰਾਨ ਸੋਗਵਾਰਾਨੇ ਹੁਸੈਨੀਆਂ ਨੇ ਜੰਜੀਰਾਂ ਤਲਵਾਰਾਂ ਨਾਲ ਖ਼ੁਦ ਨੂੰ ਲਹੂ ਲਹਾਣ ਕਰਦਿਆਂ ਮਾਤਮ ਕੀਤਾ। ਨੌਜਵਾਨਾਂ ਤੇ ਬੱਚਿਆਂ ਸਮੇਤ ਸੈਂਕੜੇ ਲੋਕਾਂ ਦਾ ਮਾਤਮੀ ਜਲੂਸ ਇਮਾਮਬਾੜਾ ਸਇਆਦਾਨ, ਸਰਕਾਰੀ ਇਮਾਮਬਾੜਾ ਹੁੰਦਾ ਹੋਇਆ ਦੇਰ ਸ਼ਾਮ ਸਥਾਨਕ ਬੱਸ ਸਟੈਂਡ ਨੇੜੇ ਸਥਿਤ ਕਰਬਲਾ ਪਹੁੰਚਣ ਉਪਰੰਤ ਸਮਾਪਤ ਹੋਇਆ।