ਮਨਰੇਗਾ ਕਾਮਿਆਂ ਵੱਲੋਂ ਆਵਾਜਾਈ ਠੱਪ
ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਪੰਜਾਬ ਦੀ ਅਗਵਾਈ ਹੇਠ ਮਨਰੇਗਾ ਕਾਮਿਆਂ ਵਲੋਂ ਡੀਸੀ ਦਫ਼ਤਰ ਅੱਗੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸਤੋਂ ਪਹਿਲਾਂ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਮੰਗ ਪੱਤਰ ਸੌਂਪਿਆ ਗਿਆ।
ਮਨਰੇਗਾ ਕਾਮੇ ਅੱਜ ਸਾਥੀ ਸੁਖਦੇਵ ਸ਼ਰਮਾ, ਮੇਲਾ ਸਿੰਘ ਪੁੰਨਾਂਵਾਲ, ਬੀਬੀ ਨਿਧੀ ਉਭਾਵਾਲ, ਊਸ਼ਾ ਰਾਣੀ, ਸੁਖਪਾਲ ਕੌਰ ਕਾਤਰੋਂ ਅਤੇ ਮੇਲਾ ਸਿੰਘ ਬਾਜਵਾ ਦੀ ਅਗਵਾਈ ਵਿੱਚ ਸੁਤੰਤਰ ਭਵਨ ਵਿਖੇ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦਿਆਂ ਡੀਸੀ ਦਫ਼ਤਰ ਅੱਗੇ ਪੁੱਜੇ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਆਗੂ ਸੁਖਦੇਵ ਸ਼ਰਮਾ ਤੇ ਬੀਬੀ ਨਿਧੀ ਉਭਾਵਾਲ ਨੇ ਦੱਸਿਆ ਕਿ ਸਰਕਾਰ ਮਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕਰ ਰਹੀ ਅਤੇ ਨਾ ਹੀ ਮਨਰੇਗਾ ਕਾਮਿਆਂ ਨੂੰ ਕੰਮ ਕਰਨ ਲਈ ਸੰਦ ਦਿੱਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕਾਮਿਆਂ ਨੂੰ ਹਰ ਹਾਲਤ ਵਿੱਚ 100 ਦਿਨ ਕੰਮ ਦਿੱਤਾ ਜਾਵੇ। ਜੇ 100 ਦਿਨ ਕੰਮ ਨਹੀਂ ਦੇਣਾ ਤਾਂ ਉਨ੍ਹਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਨਰੇਗਾ ਦਾ ਕੰਮ ਕਾਨੂੰਨ ਅਨੁਸਾਰ ਚਾਲੂ ਨਾ ਕਰਵਾਇਆ ਤੇ ਕੇਂਦਰ ਸਰਕਾਰ ਨੇ ਬਜਟ ਪੂਰਾ ਨਾ ਕੀਤਾ ਤਾਂ ਆਉਂਦੇ ਸਮੇਂ ਵਿੱਚ ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਤਕੜਾ ਸੰਘਰਸ਼ ਵਿੱਢਿਆ ਜਾਵੇਗਾ। ਧਰਨੇ ਨੂੰ ਪੰਜਾਬ ਦੇ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਅਤੇ ਮਨਰੇਗਾ ਦੇ ਸਲਾਹਕਾਰ ਮੇਲਾ ਸਿੰਘ ਅਤੇ ਇੰਦਰ ਸਿੰਘ, ਉਸਾਰੀ ਕਾਮਿਆਂ ਦੇ ਆਗੂ ਪ੍ਰਦੀਪ ਚੀਮਾ ਅਤੇ ਸਾਥੀ ਨਵਜੀਤ ਸਿੰਘ ਸੰਗਰੂਰ ਨੇ ਵੀ ਸੰਬੋਧਨ ਕੀਤਾ ।