ਵਿਧਾਇਕ ਨੇ 14 ਪਿੰਡਾਂ ਦੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ
ਸਰਕਾਰ ਹੜ੍ਹ ਪੀੜਤਾਂ ਨਾਲ ਖੜ੍ਹੀ, ਮਿੱਥੇ ਸਮੇਂ ਵਿੱਚ ਦਿੱਤਾ ਮੁਆਵਜ਼ਾ: ਬਾਜ਼ੀਗਰ
ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਹੜ੍ਹ ਪ੍ਰਭਾਵਿਤ 14 ਪਿੰਡਾਂ ਦੇ 230 ਕਿਸਾਨਾਂ ਨੂੰ 69.56 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ। ਕਿਰਤੀ ਕਾਲਜ ਨਿਆਲ ਵਿੱਚ ਐੱਸ ਡੀ ਐੱਮ ਪਾਤੜਾਂ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਕਰਵਾਏ ਸਮਾਰੋਹ ਦੌਰਾਨ ਵਿਧਾਇਕ ਕੁਲਵੰਤ ਬਾਜ਼ੀਗਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਦੇ ਦੁੱਖ ਵਿੱਚ ਸਾਥ ਦੇ ਕੇ ਸਮੇਂ ਸਿਰ ਮੁਆਵਜ਼ਾ ਦਿੰਦਿਆਂ ਪੀੜਤਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਗਾਈ ਹੈ। ਉਨ੍ਹਾਂ ਕਿਹਾ ਕਿ 20 ਹਜ਼ਾਰ ਰੁਪਏ ਦਾ ਮੁਆਵਜ਼ਾ ਪੂਰੇ ਦੇਸ਼ ਵਿੱਚ ਕਿਸੇ ਵੀ ਰਾਜ ਵਿੱਚ ਨਹੀਂ ਦਿੱਤਾ ਗਿਆ। ਇਹ ਪੀੜਤ ਲੋਕਾਂ ਨਾਲ ਖੜ੍ਹੇ ਹੋਣ ਦੀ ਮਿਸਾਲ ਹੈ।
ਉਨ੍ਹਾਂ ਦੱਸਿਆ ਕਿ ਹਲਕਾ ਸ਼ੁਤਰਾਣਾ ਦੇ ਪਿੰਡਾਂ ਸ਼ੇਰਗੜ੍ਹ, ਸ਼ਾਦੀਪੁਰ ਮੋਮੀਆਂ, ਦਫ਼ਤਰੀਵਾਲਾ, ਦਿਉਗੜ੍ਹ, ਹਰਿਆਉ ਕਲਾਂ, ਢਾਬੀ ਗੁੱਜਰਾਂ, ਬਾਦਸ਼ਾਹਪੁਰ, ਜੋਗੇਵਾਲਾ, ਦੁਗਾਲ ਖੁਰਦ, ਗੁਲਾਹੜ, ਗਨੇਸ਼ਪੁਰਾ ਸਿਉਨਾ, ਨਿਰਮਲ ਕੋਟ ਤੇ ਅਰਨੇਟੂ ਵਿੱਚ ਘੱਗਰ ਦੀ ਮਾਰ ਹੇਠ ਆਈਆਂ ਫ਼ਸਲਾਂ ਤੇ ਹੋਰ ਮਾਲੀ ਨੁਕਸਾਨ ਲਈ ਪ੍ਰਭਾਵਿਤ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਇਸ ਤੋਂ ਬਿਨਾਂ ਛੇ ਪਿੰਡ ਹੋਰ ਹਨ, ਜਿਨ੍ਹਾਂ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਰਾਸ਼ੀ ਪਾਈ ਜਾ ਰਹੀ ਹੈ। ਦੀਵਾਲੀ ਤੋਂ ਪਹਿਲਾਂ-ਪਹਿਲਾਂ ਸਾਰੀ ਰਾਸ਼ੀ ਪਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦੇਸ਼ ਦਿੱਤੇ ਸਨ, ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ 45 ਦਿਨਾਂ ਦੇ ਅੰਦਰ-ਅੰਦਰ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਪ੍ਰਤੀ ਏਕੜ 20 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਕਾਫੀ਼ ਘੱਟ ਹੈ, ਪਰ ਪੰਜਾਬ ਸਰਕਾਰ ਨੇ ਇਸ ਵਿੱਚ ਲਗਪਗ 15 ਹਜ਼ਾਰ ਰੁਪਏ ਆਪਣੇ ਕੋਲੋਂ ਪਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਸੂਬੇ ਦੇ ਹੜ੍ਹ ਪੀੜਤਾਂ ਦੀ ਬਾਂਹ ਨਹੀਂ ਫੜੀ ਅਤੇ ਪੰਜਾਬ ਨਾਲ ਹਮੇਸ਼ਾ ਦੀ ਤਰ੍ਹਾਂ ਵਿਤਕਰਾ ਹੀ ਕੀਤਾ ਹੈ।
ਐੱਸ ਡੀ ਐੱਮ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ੁਤਰਾਣਾ ਹਲਕੇ ਦੇ 20 ਪਿੰਡਾਂ ਵਿੱਚ ਘੱਗਰ ਦੇ ਹੜ੍ਹਾਂ ਨੇ ਨੁਕਸਾਨ ਕੀਤਾ ਸੀ।