ਵਿਧਾਇਕ ਗੱਜਣਮਾਜਰਾ ਵੱਲੋਂ ਪੰਜ ਸਕੂਲਾਂ ’ਚ ਉਦਘਾਟਨ
ਮਾਲੇਰਕੋਟਲਾ, 18 ਮਈ
ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਜ਼ਿਲ੍ਹੇ ਦੇ ਪੰਜ ਹੋਰ ਸਰਕਾਰੀ ਸਕੂਲਾਂ ਵਿੱਚ ਕਰੀਬ 53 ਲੱਖ 31 ਹਜ਼ਾਰ ਦੀ ਲਾਗਤ ਵਾਲੇ ਵਿਕਾਸ ਕਾਰਜ ਸਮਰਪਿਤ ਕੀਤੇ ਗਏ। ਇਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕਰੀਬ 31 ਲੱਖ 23 ਹਜ਼ਾਰ ਰੁਪਏ ਅਤੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕਰੀਬ 22 ਲੱਖ 7 ਹਜ਼ਾਰ ਰੁਪਏ ਦੇ ਵਿਕਾਸ ਕੰਮ ਸ਼ਾਮਲ ਹਨ।
ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਸਰਕਾਰੀ ਮਿਡਲ ਸਕੂਲ ਬਾਦਸ਼ਾਹਪੁਰ ਵਿਖੇ ਕਰੀਬ 3 ਲੱਖ 98 ਹਜ਼ਾਰ ਦੀ ਲਾਗਤ ਨਾਲ ਚਾਰਦੀਵਾਰੀ, ਸਰਕਾਰੀ ਹਾਈ ਸਕੂਲ ਦੁੱਗਰੀ ਵਿਖੇ ਕਰੀਬ 18 ਲੱਖ 9 ਹਜ਼ਾਰ ਰੁਪਏ ਦੀ ਲਾਗਤ ਨਾਲ ਕਮਰੇ ਦਾ ਨਵੀਨੀਕਰਨ, ਨਵਾਂ ਕਮਰਾ ਅਤੇ ਪਖਾਨੇ ਦਾ ਨਵੀਨੀਕਰਨ, ਸਰਕਾਰੀ ਪ੍ਰਾਇਮਰੀ ਸਕੂਲ ਰਾਣਵਾਂ ਵਿਖੇ ਕਰੀਬ 13 ਲੱਖ 7 ਹਜ਼ਾਰ ਦੀ ਲਾਗਤ ਨਾਲ ਚਾਰਦੀਵਾਰੀ, ਕਮਰੇ ਦੀ ਮੁਰੰਮਤ ਅਤੇ ਨਵਾਂ ਕਮਰਾ, ਸਰਕਾਰੀ ਪ੍ਰਾਇਮਰੀ ਸਕੂਲ ਜਟੂਆਂ ਵਿਖੇ ਕਰੀਬ 13 ਲੱਖ 76 ਹਜ਼ਾਰ ਦੀ ਲਾਗਤ ਨਾਲ ਚਾਰਦੀਵਾਰੀ ਅਤੇ ਨਵਾਂ ਕਮਰਾ, ਸਰਕਾਰੀ ਪ੍ਰਾਇਮਰੀ ਸਕੂਲ ਬਾਦਸ਼ਾਹਪੁਰ ਵਿਖੇ ਕਰੀਬ 4 ਲੱਖ 40 ਹਜ਼ਾਰ ਦੀ ਲਾਗਤ ਨਾਲ ਚਾਰਦੀਵਾਰੀ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਵਿੱਚ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆ ਕੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰ ਕੇ ਰੱਖ ਦਿੱਤੀ ਹੈ, ਜਿਸ ਕਰਕੇ ਮਾਪਿਆਂ ਦੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਵੱਲ ਦਿਲਚਸਪੀ ਵਧੀ ਹੈ। ਇਸ ਮੌਕੇ ਪ੍ਰਿੰਸੀਪਲ ਨੀਲਮ ਕੁਮਾਰੀ, ਹੈੱਡ ਟੀਚਰ ਨਰਿੰਦਰ ਕੌਰ, ਹੈੱਡ ਟੀਚਰ ਦਵਿੰਦਰ ਸਿੰਘ, ਹੈੱਡ ਟੀਚਰ ਅਸ਼ਹਾਕ ਅਲੀ, ਹੈੱਡਮਾਸਟਰ ਗੁਰਜੰਟ ਸਿੰਘ, ਬੀਐੱਨਓ ਜ਼ਾਹਿਦ ਹਾਜ਼ਰ ਸਨ।