ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਜੂਨ
ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਮਾਗਮ ਦੌਰਾਨ ਹਲਕਾ ਸੰਗਰੂਰ ਦੇ ਕਰੀਬ 40 ਪਰਿਵਾਰਾਂ ਨੂੰ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਸਬੰਧੀ ਕਰੀਬ 40 ਲੱਖ ਰੁਪਏ ਦੀ ਕਰਜ਼ਾ ਮੁਆਫੀ ਦੇ ਪੱਤਰ ਵੰਡੇ ਗਏ। ਇਸ ਮੌਕੇ ਵਿਧਾਇਕਾ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਪੜਾਅਵਾਰ ਪੂਰੇ ਕੀਤੇ ਜਾ ਰਹੇ ਹਨ। ਇਨ੍ਹਾਂ ਦੀ ਲੜੀ ਤਹਿਤ ਹੀ ਪੰਜਾਬ ਸਰਕਾਰ ਵੱਲੋਂ 31-03-2020 ਤੱਕ ਦੇ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਕਰਜ਼ੇ ਦੀ ਬਕਾਇਆ ਰਾਸ਼ੀ ਮੁਆਫ ਕੀਤੀ ਗਈ ਹੈ, ਜਿਸ ਤਹਿਤ ਹਲਕਾ ਸੰਗਰੂਰ ਦੇ 40 ਪਰਿਵਾਰਾਂ ਦਾ ਕਰੀਬ 40 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਪੂਰੇ ਜ਼ਿਲ੍ਹੇ ਵਿੱਚ 123 ਪਰਿਵਾਰਾਂ ਦੇ ਕਰੀਬ 1 ਕਰੋੜ 09 ਲੱਖ ਰੁਪਏ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ 10 ਲੱਖ ਤੱਕ ਦੇ ਕਰਜ਼ੇ ਤੇ ਹੋਰ ਕੰਮਾਂ ਲਈ ਕਰਜ਼ੇ ਮਿਲਦੇ ਹਨ। ਇਸ ਮੌਕੇ ਵਿਧਾਇਕਾ ਭਰਾਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਐੱਸ.ਡੀ.ਐੱਮ. ਚਰਨਜੋਤ ਸਿੰਘ ਵਾਲੀਆ, ਦਰਸ਼ਨ ਸਿੰਘ ਡੀ.ਐੱਮ. ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ, ਏ.ਐੱਮ.ਡੀ. ਅਮਲੇਸ਼ ਸਿੰਗਲਾ, ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ, ਕੁਲਵੀਰ ਸਿੰਘ, ਜ਼ਿਲ੍ਹਾ ਫੀਲਡ ਅਫ਼ਸਰ ਬੈਂਕ ਫਿਨਕੋ ਸਮੇਤ ਆਮ ਆਦਮੀ ਪਾਰਟੀ ਦੇ ਵੱਖੋ ਵੱਖ ਅਹੁਦੇਦਾਰ, ਸ਼ਹਿਰ ਵਾਸੀ ਅਤੇ ਲਾਭਪਾਤਰੀ ਹਾਜ਼ਰ ਸਨ।