ਵਿਧਾਇਕ ਤੇ ਮੇਅਰ ਵੱਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ
ਲੋਕਾਂ ਦੀਆਂ ਲੰਬੇ ਸਮੇਂ ਤੋਂ ਚਲਦੀਆਂ ਮੰਗਾਂ ਪੂਰੀਆਂ ਕੀਤੀਆਂ: ਕੋਹਲੀ
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਨੇ ਅੱਜ ਕਾਕਾ ਕਲੋਨੀ ਅਤੇ ਕੱਲਰ ਕਲੋਨੀ ਵਿੱਚ 95 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਸੜਕ ਉਸਾਰੀ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਵਿਧਾਇਕ ਸ੍ਰੀ ਕੋਹਲੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਲੋਕਾਂ ਨੂੰ ਸੁਵਿਧਾਵਾਂ ਦੇਣ ਲਈ ਵਿਕਾਸ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਸੜਕਾਂ ਦੀ ਖਰਾਬ ਹਾਲਤ ਬਾਰੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਆ ਰਹੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਇਲਾਕੇ ਦੇ ਨਿਵਾਸੀਆਂ ਨੂੰ ਆਵਾਜਾਈ ਦੀ ਸੁਵਿਧਾ ਮਿਲੇਗੀ ਅਤੇ ਟ੍ਰੈਫਿਕ ਪ੍ਰਣਾਲੀ ਵਿੱਚ ਵੀ ਸੁਧਾਰ ਆਵੇਗਾ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਹਰ ਵਾਰਡ ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਤੇਜ਼ ਕੀਤੀ ਗਈ ਹੈ। ਇਸ ਪ੍ਰਾਜੈਕਟ ਹੇਠ ਕਾਕਾ ਕਾਲੋਨੀ ਅਤੇ ਕੱਲਰ ਕਾਲੋਨੀ ਦੀਆਂ ਮੁੱਖ ਗਲੀਆਂ ਅਤੇ ਜੁੜੀਆਂ ਲੇਨਾਂ ਵਿੱਚ ਨਵੀਂ ਸੜਕਾਂ ਬਣਾ ਕੇ ਡਰੇਨੇਜ ਪ੍ਰਣਾਲੀ ਨੂੰ ਵੀ ਬਿਹਤਰ ਕੀਤਾ ਜਾਵੇਗਾ, ਤਾਂ ਜੋ ਮੀਂਹ ਦੇ ਮੌਸਮ ਵਿੱਚ ਪਾਣੀ ਖੜ੍ਹਾ ਨਾ ਹੋਵੇ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਹਰ ਇਲਾਕੇ ਦਾ ਸੰਤੁਲਿਤ ਵਿਕਾਸ ਕਰਨਾ ਸਰਕਾਰ ਦੀ ਪਹਿਲ ਹੈ। ਐਮ ਸੀ ਜਗਮੋਹਨ ਚੌਹਾਨ ਤੇ ਵਾਰਡ ਨੰਬਰ 60 ਤੋਂ ਇੰਚਾਰਜ ਰੁਪਿੰਦਰ ਸਿੰਘ ਸਮੇਤ ਗੋਬਿੰਦ ਬਡੂੰਗਰ, ਐੱਸ ਈ ਰਾਜਿੰਦਰ ਚੋਪੜਾ ਆਦਿ ਮੌਜੂਦ ਸਨ।

