ਵਿਧਾਇਕ ਅਤੇ ਡੀਸੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 21 ਜੁਲਾਈ
ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਵਧਣ ਕਾਰਨ ਪਏ ਪਾੜਾਂ ਕਰਕੇ ਮੂਨਕ ਅਤੇ ਖਨੌਰੀ ਦੇ ਇਲਾਕਿਆਂ ਵਿੱਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਮੁਲਾਂਕਣ ਪ੍ਰਕਿਰਿਆ ਦੀ ਸਮੀਖਿਆ ਲਈ ਵਿਧਾਇਕ ਬਰਿੰਦਰ ਗੋਇਲ ਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡੀਸੀ ਨੇ ਦੱਸਿਆ ਸੰਗਰੂਰ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਰਾਹਤ ਅਤੇ ਮੁੜ ਵਸੇਬੇ ਲਈ ਸਿਹਤ ਤੇ ਪਸ਼ੂ ਪਾਲਣ ਵਿਭਾਗ ਸਮੇਤ ਹੋਰਨਾਂ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ 24 ਘੰਟੇ ਕਾਰਜਸ਼ੀਲ ਹਨ। ਇਸ ਦੇ ਨਾਲ ਹੀ ਪਾਣੀ ਦੀ ਮਾਰ ਕਾਰਨ ਫਸਲਾਂ ਤੇ ਘਰਾਂ ਨੂੰ ਹੋਏ ਨੁਕਸਾਨ ਦੇ ਮੁਲਾਂਕਣ ਲਈ ਮਾਲ ਵਿਭਾਗ, ਪੰਚਾਇਤ ਵਿਭਾਗ ਤੇ ਖੇਤੀ-ਬਾੜੀ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਵੱਲੋਂ ਲਗਾਤਾਰ ਪਿੰਡਾਂ ਤੇ ਹੋਰਨਾਂ ਇਲਾਕਿਆਂ ਵਿੱਚ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਹਰ ਪੱਖੋਂ ਸਹਾਇਤਾ ਲਈ ਪਿੰਡ ਹਮੀਰਗੜ੍ਹ, ਰਾਮਪੁਰ ਗੁੱਜਰਾਂ ਅਤੇ ਖਨੌਰੀ ਵਿੱਚ ਰਾਹਤ ਕੇਂਦਰ ਸਥਾਪਤ ਕੀਤੇ ਗਏ ਸਨ। ਇਸੇ ਤਰ੍ਹਾਂ ਘੱਗਰ ’ਚ ਪਏ ਪਾੜਾਂ ਨੂੰ ਪੂਰਨ ਦੀ ਪ੍ਰਕਿਰਿਆ ਵੀ ਨਾਲ਼ੋਂ-ਨਾਲ ਜਾਰੀ ਹੈ । ਇਸ ਮੌਕੇ ਵਿਧਾਇਕ ਬਰਿੰਦਰ ਗੋਇਲ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਵੱਲੋਂ ਜਲਦ ਫਸਲਾਂ ਤੇ ਹੋਰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਇਸ ਵਾਰ ਹੱਦ ਤੋਂ ਵੱਧ ਪਾਣੀ ਆਉਣ ਕਾਰਨ ਵੀ ਘੱਗਰ ਦਰਿਆ ’ਚ 752 ਫੁੱਟ ਤੋਂ ਉੱਪਰ ਪਹੁੰਚ ਕੇ ਪਾੜ ਪਿਆ ਜਦੋਂ ਕਿ ਪਹਿਲਾਂ 748 ਫੁੱਟ ’ਤੇ ਹੀ ਘੱਗਰ ਲੋਕਾਂ ਦਾ ਵੱਡਾ ਨੁਕਸਾਨ ਕਰ ਦਿੰਦਾ ਸੀ। ਇਸ ਵਾਰ ਘੱਗਰ ਦੀ ਸਫਾਈ ਦੇ ਨਾਲ-ਨਾਲ ਮਜ਼ਬੂਤੀ ਦਾ ਕੰਮ ਬੜੇ ਪਾਰਦਰਸ਼ੀ ਤੇ ਸੁਚੱਜੇ ਢੰਗ ਨਾਲ ਕਰਵਾਇਆ ਗਿਆ ਸੀ ਪਰ ਬੇਹਿਸਾਬਾ ਪਾਣੀ ਆਉਣ ਕਾਰਨ ਇਹ ਕੰਢਿਆਂ ਤੋਂ ਉੱਪਰ ਦੀ ਨਿਕਲ ਗਿਆ। ਇਸ ਮੌਕੇ ਏਡੀਸੀ ਵਰਜੀਤ ਵਾਲੀਆ, ਐੱਸਡੀਐੱਮ ਸੂਬਾ ਸਿੰਘ, ਡੀਡੀਪੀਓ ਸੁਖਚੈਨ ਸਿੰਘ, ਐਕਸੀਅਨ ਗੁਰਸ਼ਰਨ ਵਿਰਕ, ਡੀਐਸਪੀ ਮਨੋਜ ਗੋਰਸੀ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਸੁਖਵਿੰਦਰ ਸਿੰਘ ਵੀ ਮੌਜੂਦ ਸਨ।
ਵਿਧਾਇਕ ਪਠਾਣਮਾਜਰਾ ਦੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਸਨੌਰ (ਖੇਤਰੀ ਪ੍ਰਤੀਨਿਧ): ਵਿਧਾਨ ਸਭਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਨਾਲ ਹੀ ਪਿੰਡ ਖਾਸੀਆਂ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਬੀਡੀਪੀਓ ਤੇ ਪੀਡਬਲਿਊਡੀ ਦੇ ਅਧਿਕਾਰੀਆਂ ਵੱਲੋਂ ਪੁਲੀਆਂ ਬਣਾਉਣ ਦਾ ਫ਼ੈਸਲਾ ਕੀਤਾ। ਇਸ ਮੌਕੇ ਵਿਧਾਇਕ ਪਠਾਣਮਾਜਰਾ ਦੀ ਟੀਮ ਨੇ ਪਿੰਡ-ਪਿੰਡ ਜਾ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਸਨੀਕਾਂ ਦਾ ਹਾਲ-ਚਾਲ ਜਾਣਿਆਂ ਤੇ ਲੋੜੀਂਦੀਆਂਵਸਤਾਂ ਮੁਹੱਈਆ ਕਰਵਾਈਆਂ ਤਾਂ ਜੋ ਕੋਈ ਵੀ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਤੋਂ ਵਾਂਝਾ ਨਾ ਰਹਿ ਜਾਵੇ। ਟੀਮ ਨੇ ਲੋਕਾਂ ਦਾ ਹਾਲ ਚਾਲ ਜਾਣਿਆ ਦੇ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਇਨਾ ਵੀ ਕੀਤਾ। ਇਸ ਮੌਥੈ ਬੀਡੀਓ ਮਹਿੰਦਰ ਸਿੰਘ, ਕਸ਼ਮੀਰ ਸਿੰਘ, ਕੰਵਲਜੀਤ ਸਿੰਘ, ਬਿਕਰਮ, ਬਲਜੀਤ ਗਿੱਲ, ਵਰਿੰਦਰ, ਸਰਪੰਚ ਕੁਲਦੀਪ ਸਿੰਘ ਟੋਨੀ, ਸਮੂਹ ਪੰਚਾਇਤ ਮੌਜੂਦ ਸੀ।