ਭਾਖੜਾ ਦੇ ਪੁਲ ਦੀ ਮੁਰੰਮਤ ਲਈ ਮੰਤਰੀ ਦਾ ਦਫ਼ਤਰ ਘੇਰਿਆ
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਕਾਰਕੁਨਾਂ ਵੱਲੋਂ ਇਕਾਈ ਪ੍ਰਧਾਨ ਮਿੱਤ ਸਿੰਘ ਰਾਮਗੜ੍ਹ ਤੇ ਜਨਰਲ ਸਕੱਤਰ ਬੀਰਵਾਲ ਸਿੰਘ ਲਹਿਲ ਕਲਾਂ ਦੀ ਪ੍ਰਧਾਨਗੀ ਹੇਠ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਧਰਨਾਕਾਰੀਆਂ ਨੇ ਖਨੌਰੀ ਵਿੱਚ ਘੱਗਰ ਦੇ ਉਪਰੋਂ ਲੰਘ ਰਹੀ ਭਾਖੜਾ ਨਹਿਰ ਦੇ ਲੀਕ ਹੋ ਰਹੇ ਕਮਜ਼ੋਰ ਪੁਲ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਮਜ਼ੋਰ ਪੁਲ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਕੈਬਨਿਟ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਧਰਨੇ ਵਿੱਚ ਜ਼ਿਲ੍ਹਾ ਪ੍ਰਧਾਨ ਉੱਤਮ ਸਿੰਘ ਸੰਤੋਖਪੁਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਬੁਲਾਰਿਆਂ ਨੇ ਕਿਹਾ ਕਿ ਘੱਗਰ ਉਪਰੋਂ ਲੰਘ ਰਹੀ ਭਾਖੜਾ ਨਹਿਰ ਦਾ ਪੁਲ ਪੁਰਾਣ ਹੋਣ ਕਾਰਨ ਕਮਜ਼ੋਰ ਹੋ ਚੁੱਕਾ ਹੈ ਕਿਸੇ ਸਮੇਂ ਵੀ ਟੁੱਟ ਸਕਦਾ ਹੈ। ਪੁਲ ਟੁੱਟਣ ਕਾਰਨ ਘੱਗਰ ਦਰਿਆ ਕਿਸਾਨਾਂ ਦਾ ਉਜਾੜਾ ਕਰ ਸਕਦਾ ਹੈ। ਇਸ ਦੌਰਾਨ ਲੈਂਡ ਪੂਲਿੰਗ ਨੀਤੀ ਲਿਆਉਣ ਦੇ ਰੋਸ ਵਜੋਂ ਵੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭੋਲਾ ਸਿੰਘ ਆਲਮਪੁਰ, ਨਿਰਮਲ ਸਿੰਘ, ਪ੍ਰੇਮ ਸਿੰਘ ਅਲੀਸ਼ੇਰ ਤੇ ਗੁਰਦੀਪ ਸਿੰਘ ਕੰਮੋਮਾਜਰਾ ਨੇ ਸੰਬੋਧਨ ਕੀਤਾ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਉਹ ਵਿਭਾਗੀ ਅਧਿਕਾਰੀਆਂ ਨੂੰ ਜਾਂਚ ਲਈ ਕੱਲ੍ਹ ਹੀ ਭੇਜਣਗੇ।