ਸ਼੍ਰੋਮਣੀ ਅਕਾਲੀ ਦਲ ਨੇ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਦੀ ਤਿਆਰੀ ਲਈ ਇਲਾਕੇ ਦੇ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਮੀਟਿੰਗਾਂ ਦੌਰਾਨ ਵਿਧਾਨ ਸਭਾ ਹਲਕਾ ਸੰਗਰੂਰ ਅਤੇ ਸੁਨਾਮ ਉਧਮ ਸਿੰਘ ਵਾਲਾ ਤੋਂ ਹਲਕਾ ਇੰਚਾਰਜ ਲਗਾਏ ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ’ਤੇ ਅੱਜ ਪਿੰਡਾਂ ਵਿਚ ਸਰਕਲ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਹਰ ਸਾਲ ਵਾਂਗ ਅਮਨ ਸ਼ਾਂਤੀ ਦੇ ਮਸੀਹਾ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ਸੰਘਰਸ਼ ਕਰਦਾ ਰਿਹਾ ਹੈ ਅਤੇ ਅਕਾਲੀ ਸਰਕਾਰ ਸਮੇਂ ਹੀ ਪੰਜਾਬ ਦਾ ਸਰਬਪੱਖੀ ਵਿਕਾਸ ਕੀਤਾ ਗਿਆ ਹੈ।ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਾਰਟੀ ਪ੍ਰਧਾਨ ਦੇ ਆਦੇਸ਼ਾਂ ਅਨੁਸਾਰ ਦੋਵੇਂ ਹਲਕਿਆਂ ਦੇ ਆਗੂਆਂ ਅਤੇ ਵਰਕਰਾਂ ਨਾਲ ਤਾਲਮੇਲ ਕਰਕੇ ਸਰਗਰਮੀ ਕਰ ਰਹੇ ਹਨ। ਇਸ ਮੌਕੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਰੰਧਾਵਾ, ਗੋਲਡੀ ਤੂਰ, ਮੈਨੇਜਰ ਜਗਜੀਤ ਸਿੰਘ ਸੰਗਤਪੁਰਾ, ਭਰਪੂਰ ਸਿੰਘ ਫੱਗੂਵਾਲਾ, ਸੋਮਾ ਫੱਗੂਵਾਲਾ, ਗੁਰਮੀਤ ਸਿੰਘ ਜੈਲਦਾਰ, ਬਾਵੀ ਗਰੇਵਾਲ, ਮਨਜੀਤ ਸਿੰਘ ਨਾਗਰਾ ਅਤੇ ਦਲਜੀਤ ਸਿੰਘ ਜੀਤੀ ਹਾਜ਼ਰ ਸਨ।