ਘਰ-ਘਰ ਸਿਹਤ ਜਾਂਚ ਲਈ ਮੈਡੀਕਲ ਟੀਮਾਂ ਰਵਾਨਾ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸਥਾਨਕ ਸਰਕਾਰੀ ਹਸਪਤਾਲ ਤੋਂ ਵਿਸ਼ੇਸ਼ ਮੈਡੀਕਲ ਟੀਮਾਂ ਨੂੰ ਰਵਾਨਾ ਕਰ ਕੇ ਸੁਨਾਮ ਦੇ 23 ਵਾਰਡਾਂ ਵਿੱਚ ਅਗਲੇ 20 ਦਿਨ ਚੱਲਣ ਵਾਲੀ ਇੱਕ ਵਿਆਪਕ ਸਿਹਤ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਟੀਮਾਂ ਸ਼ਹਿਰ ਭਰ ਵਿੱਚ ਵਾਰਡ-ਵਾਰ, ਘਰ-ਘਰ ਜਾ ਕੇ ਸਿਹਤ ਜਾਂਚ ਕਰਨਗੀਆਂ, ਜਿਸ ਵਿੱਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਵੈਕਟਰ ਬੌਰਨ ਬਿਮਾਰੀਆਂ ਨਾਲ ਨਜਿੱਠਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸ੍ਰੀ ਅਰੋੜਾ ਨੇ ਕਿਹਾ ਕਿ ਕਈ ਵਾਰ ਮਾਨਸੂਨ ਦੌਰਾਨ ਜਾਂ ਫੌਰੀ ਬਾਅਦ ਮੱਛਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਖ਼ਤਰੇ ਦਾ ਮੁਕਾਬਲਾ ਕਰਨ ਲਈ, ਪੰਜਾਬ ਸਰਕਾਰ ਨੇ ਲੋਕਾਂ ਦੇ ਘਰਾਂ ਵਿੱਚ ਮੈਡੀਕਲ ਟੀਮਾਂ ਭੇਜ ਕੇ ਸਰਗਰਮ ਕਦਮ ਚੁੱਕੇ ਹਨ ਤਾਂ ਜੋ ਸਮੇਂ ਸਿਰ ਬਿਮਾਰੀ ਦਾ ਪਤਾ ਕਰ ਕੇ ਇਲਾਜ ਅਤੇ ਜਾਗਰੂਕਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਮੈਡੀਕਲ ਟੀਮਾਂ ਹਰ ਘਰ ਦਾ ਦੌਰਾ ਕਰਕੇ ਵਸਨੀਕਾਂ ਦੀ ਬੁਖਾਰ, ਸਰੀਰ ਵਿੱਚ ਦਰਦ ਅਤੇ ਥਕਾਵਟ ਵਰਗੇ ਲੱਛਣਾਂ ਦੀ ਜਾਂਚ ਕਰਨਗੀਆਂ, ਜੋ ਕਿ ਅਕਸਰ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਸ਼ੁਰੂਆਤੀ ਸੰਕੇਤ ਹੁੰਦੇ ਹਨ। ਇਸ ਮੌਕੇ ਸਿਵਲ ਸਰਜਨ ਅੰਮ੍ਰਿਤ ਕੌਰ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕਿਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਸਮੇਤ ਸ਼ਹਿਰ ਵਾਸੀ ਹਾਜ਼ਰ ਸਨ।