ਸਤਨਾਮ ਸਿੰਘ ਸੱਤੀ
ਸੁਨਾਮ ਊਧਮ ਸਿੰਘ ਵਾਲਾ, 27 ਜੂਨ
ਨੇੜਲੇ ਪਿੰਡ ਛਾਜਲੀ ਦੀ ਵਿਆਹੁਤਾ ਲੜਕੀ ਕਿਰਨਪਾਲ ਕੌਰ ਦੀ ਸਹੁਰੇ ਘਰ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਪਰਿਵਾਰ ਵੱਲੋਂ ਲੜਕੀ ਦਾ ਕਤਲ ਕਰਨ ਦੇ ਅਸ਼ੰਕੇ ਜਿਤਾਏ ਜਾ ਰਹੇ ਹਨ। ਮ੍ਰਿਤਕ ਕਿਰਨਪਾਲ ਕੌਰ ਦੀ ਭਰਜਾਈ ਅਮਨ ਕੌਰ ਨੇ ਦੱਸਿਆ ਕਿ ਕਿਰਨਪਾਲ ਦਸ ਬਾਰਾਂ ਸਾਲ ਪਹਿਲਾਂ ਥਾਣਾ ਸ਼ਤਰਾਣਾ ਦੇ ਪਿੰਡ ਗੁਲਾੜ ਵਿਆਹੀ ਸੀ ਅਤੇ ਅਕਸਰ ਉਸ ਦਾ ਪਤੀ ਲੜਾਈ-ਝਗੜਾ ਕਰਦਾ ਸੀ। ਬੀਤੇ ਦਿਨੀਂ ਉਨ੍ਹਾਂ ਨੂੰ ਫੋਨ ’ਤੇ ਜਾਣਕਾਰੀ ਦਿੱਤੀ ਕਿ ਕਿਰਨਪਾਲ ਕੌਰ ਨੇ ਆਪਣੇ ਪਤੀ ਨਾਲ ਝਗੜਾ ਕਰਨ ਮਗਰੋਂ ਜ਼ਹਿਰੀਲੀ ਦਵਾਈ ਨਿਗਲ ਲਈ। ਮੌਕੇ ’ਤੇ ਦੇਖਣ ਮਗਰੋਂ ਪਤਾ ਲੱਗਿਆ ਕਿ ਕਿਰਨਪਾਲ ਦੇ ਸਰੀਰ ’ਤੇ ਜ਼ਖ਼ਮਾਂ ਦੇ ਨਿਸ਼ਾਨ ਸਨ। ਲੜਕੀ ਦੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਸਹੁਰਾ ਪਰਿਵਾਰ ਵੱਲੋਂ ਕਿਰਨਪਾਲ ਨੂੰ ਪਹਿਲਾਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ ਅਤੇ ਹੁਣ ਉਸ ਦੀ ਭੈਣ ਨੂੰ ਜਾਨੋਂ ਮਾਰਿਆ ਗਿਆ ਹੈ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਕਿਰਨਪਾਲ ਦੇ ਦੋ ਛੋਟੇ ਬੱਚੇ ਵੀ ਹਨ। ਇਸ ਸਬੰਧੀ ਪੁਲੀਸ ਨੇ ਕਿਰਨਪਾਲ ਦੇ ਪਰਿਵਾਰ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਸਹਾਇਕ ਥਾਣੇਦਾਰ ਪਵਨ ਕੁਮਾਰ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰਿਵਾਰ ਵੱਲੋਂ ਲੜਕੀ ਦਾ ਛਾਜਲੀ ਦੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਕੀਤਾ ਗਿਆ।