ਰਾਜੋਆਣਾ ਦੀ ਸਜ਼ਾ ਰੱਦ ਕਰਵਾਉਣ ਲਈ ਮਾਨ ਦਲ ਨੇ ਸੌਂਪਿਆ ਮੰਗ ਪੱਤਰ
ਇਥੇ ਅਕਾਲੀ ਦਲ (ਅੰਮ੍ਰਿਤਸਰ) ਜ਼ਿਲ੍ਹਾ ਮਾਲੇਰਕੋਟਲਾ ਦੇ ਵਫ਼ਦ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਰੱਦ ਕਰਨ, ਪੰਜਾਬ ਵਿੱਚੋਂ ਲਾਈ ਬੀ ਐੱਸ ਐੱਫ ਨੂੰ ਤੁਰੰਤ ਵਾਪਸ ਮੰਗਵਾਉਣ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਬਾਰੇ ਰਾਸ਼ਟਰਪਤੀ ਦੇ ਨਾਂ ਇਕ ਮੰਗ...
ਇਥੇ ਅਕਾਲੀ ਦਲ (ਅੰਮ੍ਰਿਤਸਰ) ਜ਼ਿਲ੍ਹਾ ਮਾਲੇਰਕੋਟਲਾ ਦੇ ਵਫ਼ਦ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਰੱਦ ਕਰਨ, ਪੰਜਾਬ ਵਿੱਚੋਂ ਲਾਈ ਬੀ ਐੱਸ ਐੱਫ ਨੂੰ ਤੁਰੰਤ ਵਾਪਸ ਮੰਗਵਾਉਣ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਬਾਰੇ ਰਾਸ਼ਟਰਪਤੀ ਦੇ ਨਾਂ ਇਕ ਮੰਗ ਪੱਤਰ ਅੱਜ ਡੀਸੀ ਮਾਲੇਰਕੋਟਲਾ ਵਿਰਾਜ ਐੱਸ ਤਿੜਕੇ ਨੂੰ ਸੌਂਪਿਆ ਗਿਆ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਪੱਪੂ ਕਲਿਆਣ ਦੀ ਅਗਵਾਈ ਹੇਠ ਵਫ਼ਦ ਨੇ ਮੰਗ ਕੀਤੀ ਕਿ 30 ਸਾਲਾਂ ਤੋਂ ਹਕੂਮਤੀ ਕੈਦ ਵਿੱਚ ਬੰਦੀ ਬਣਾਏ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭਾਵੇਂ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਉਹ ਤਿੰਨ ਦਹਾਕਿਆਂ ਤੋਂ ਰੋਜ਼ਾਨਾ ਮਾਨਸਿਕ ਅਤੇ ਸਰੀਰਕ ਤਸ਼ੱਦਦ ਦਾ ਸਾਹਮਣਾ ਕਰਦੇ ਆ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਕੇ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਜਾਣ। ਮਾਨ ਦਲ ਆਗੂਆਂ ਨੇ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਕਥਿਤ ਮਿਲੀਭੁਗਤ ਨਾਲ ਪੰਜਾਬ ਵਿੱਚ ਤਾਇਨਾਤ ਬੀ ਐੱਸ ਐੱਫ ਦੀਆਂ 50 ਕੰਪਨੀਆਂ ਤੁਰੰਤ ਵਾਪਸ ਭੇਜਣ ਦੀ ਮੰਗ ਕੀਤੀ। ਪੰਜਾਬੀਆਂ ਅਤੇ ਸਿੱਖਾਂ ਨੂੰ ਇਨਸਾਨੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਿਚ ਮੋਹਰੀ ਦਸਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਅਤੇ ਸਿੱਖ ਕਿਸੇ ਵੀ ਤਰ੍ਹਾਂ ਦੇ ਜਬਰ ਜ਼ੁਲਮ, ਬੇਇਨਸਾਫੀ ਜਾਂ ਵਿਤਕਰੇ ਨੂੰ ਸਹਿਣ ਨਹੀਂ ਕਰਦੇ। ਇਸ ਲਈ ਮਨੁੱਖੀ ਅਧਿਕਾਰਾਂ ਦੀ ਪੰਜਾਬ ਵਿੱਚ ਹੋ ਰਹੀ ਘੋਰ ਉਲੰਘਣ ਨੂੰ ਬੰਦ ਕੀਤਾ ਜਾਵੇ।