ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ 20 ਅਗਸਤ ਨੂੰ ਲੌਂਗੋਵਾਲ ਵਿੱਚ ਦੋ ਸ਼ਹੀਦੀ ਕਾਨਫਰੰਸਾਂ ਹੋਣਗੀਆਂ। ਦੋਵੇਂ ਸ਼ਹੀਦੀ ਕਾਨਫਰੰਸਾਂ ਨੂੰ ਸਿਆਸੀ ਹਲਕਿਆਂ ਵਿੱਚ ਸ਼ਕਤੀ ਪ੍ਰਦਰਸ਼ਨ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ। ਹੈ। ਦੋਵੇਂ ਧਿਰਾਂ ਵੱਲੋਂ ਇੱਕ-ਦੂਜੇ ਨਾਲੋਂ ਵੱਧ ਇਕੱਠ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਕਿਉਂਕਿ ਦੋਵੇਂ ਧੜਿਆਂ ਲਈ ਸੰਤ ਲੌਂਗੋਵਾਲ ਦੀ ਬਰਸੀ ਸਿਆਸੀ ਤੌਰ ’ਤੇ ਵੱਕਾਰ ਦਾ ਸਵਾਲ ਬਣ ਗਈ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਾਨਫਰੰਸ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਕੈਂਬੋਵਾਲ ਰੋਡ ਲੌਂਗੋਵਾਲ ਵਿੱਚ ਹੋ ਰਹੀ ਹੈ ਜਦੋਂ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹੀਦੀ ਕਾਨਫਰੰਸ ਅਨਾਜ ਮੰਡੀ ਲੌਂਗੋਵਾਲ ਵਿੱਚ ਹੋ ਰਹੀ ਹੈ। ਤਿੰਨੋਂ ਜ਼ਿਲ੍ਹਿਆਂ ਬਰਨਾਲਾ, ਸੰਗਰੂਰ ਅਤੇ ਮਾਲੇਰਕੋਟਲਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਧੜਿਆਂ ਵੱਲੋਂ ਹਲਕਾਵਾਈਜ਼ ਮੀਟਿੰਗਾਂ ਕਰਕੇ ਆਪੋ ਆਪਣੇ ਸਮਰਥਕਾਂ ਨੂੰ ਵਹੀਰਾਂ ਘੱਤ ਕੇ ਕਾਨਫਰੰਸ ਵਿਚ ਪੁੱਜਣ ਲਈ ਲਾਮਬੰਦ ਕੀਤਾ ਗਿਆ ਹੈ।ਭਾਵੇਂ ਕਿ ਪਿਛਲੇ ਸਾਲ ਵੀ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਵੱਖੋਂ ਵੱਖਰੇ ਤੌਰ ’ਤੇ ਸ਼ਹੀਦੀ ਕਾਨਫਰੰਸਾਂ ਕੀਤੀਆਂ ਸਨ ਪਰ ਇਸ ਵਾਰ ਹੋਣ ਵਾਲੀਆਂ ਕਾਨਫਰੰਸਾਂ ਉਪਰ ਸਿਆਸੀ ਹਲਕਿਆਂ ਦੀ ਤਿਰਛੀ ਨਜ਼ਰ ਹੈ ਕਿਉਂਕਿ ਦੋਵੇਂ ਧਿਰਾਂ ਆਪੋ ਆਪਣੇ ਸ਼੍ਰੋਮਣੀ ਅਕਾਲੀ ਦਲ ਨੂੰ ਅਸਲੀ ਹੋਣ ਦਾ ਦਾਅਵਾ ਕਰ ਰਹੀਆਂ ਹਨ। ਦੋਵੇਂ ਧਿਰਾਂ ਆਪੋ ਆਪਣੀਆਂ ਕਾਨਫਰੰਸਾਂ ਵਿਚ ਵੱਡਾ ਇਕੱਠ ਹੋਣ ਦੇ ਦਾਅਵੇ ਕਰ ਰਹੀਆਂ ਹਨ ਕਿਉਂਕਿ ਦੋਵੇਂ ਧਿਰਾਂ ਦਾ ਸਿਆਸੀ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ।ਅਨਾਜ ਮੰਡੀ ’ਚ ਹੋਣ ਵਾਲੀ ਸ਼ਹੀਦੀ ਕਾਨਫਰੰਸ ਦੇ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਏ ਹੁਕਮਾਂ ਮੁਤਾਬਕ ਬਣੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ’ਚ ਹੋਣ ਵਾਲਾ ਇਤਿਹਾਸਕ ਇਕੱਠ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਦਾ ਮੁੱਢ ਬੰਨ੍ਹੇਗਾ। ਕਾਨਫਰੰਸ ਵਿੱਚ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਪੰਜ ਮੈਂਬਰੀ ਕਮੇਟੀ ਅਤੇ ਸਮੁੱਚੀ ਲੀਡਰਸ਼ਿਪ ਪੁੱਜ ਰਹੀ ਹੈ।ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਦਾਅਵਾ ਕੀਤਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਹੀ ਅਸਲੀ ਅਕਾਲੀ ਦਲ ਹੈ। ਕਾਨਫਰੰਸ ਵਿਚ ਵਰਕਰਾਂ ਦਾ ਰਿਕਾਰਡਤੋੜ ਇਕੱਠ ਹੋਵੇਗਾ ਜੋ ਕਿ ਸਾਰੇ ਭਰਮ ਭੁਲੇਖੇ ਦੂਰ ਕਰ ਦੇਵੇਗਾ। ਇਸ ਮੌਕੇ ਸੂਬਾ ਮੀਤ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆਂ, ਜਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਮਹਿਲਾ ਵਿੰਗ ਦੀ ਜਿਲ੍ਹਾ ਬੀਬੀ ਪਰਮਜੀਤ ਕੌਰ ਵਿਰਕ ਆਦਿ ਮੌਜੂਦ ਸਨ।