ਲੌਂਗੋਵਾਲ: ਸ਼ਹੀਦਾਂ ਦੀ ਧਰਤੀ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ: ਅਰੋੜਾ
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40ਵੀਂ ਬਰਸੀ ਮੌਕੇ ਕਸਬਾ ਲੌਂਗੋਵਾਲ ਵਿੱਚ ਅੱਜ 2.64 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਅਹਿਮ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਵੱਖ-ਵੱਖ ਸਮਾਗਮਾਂ ’ਤੇ ਇਕੱਤਰ ਹੋਏ ਲੋਕਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ 1.50 ਕਰੋੜ ਰੁਪਏ ਦੀ ਲਾਗਤ ਨਾਲ ਗਿਆਨੀ ਗਿਆਨ ਸਿੰਘ ਆਧੁਨਿਕ ਲਾਇਬ੍ਰੇਰੀ, 25 ਲੱਖ ਰੁਪਏ ਦੀ ਲਾਗਤ ਨਾਲ ਆਮ ਆਦਮੀ ਮੁਹੱਲਾ ਕਲੀਨਿਕ ਅਤੇ 89 ਲੱਖ ਰੁਪਏ ਦੀ ਲਾਗਤ ਨਾਲ ਸੀਚੇਵਾਲ ਮਾਡਲ ਤਹਿਤ ਟੋਭੇ ਦੇ ਨਵੀਨੀਕਰਨ ਦੇ ਨੀਂਹ ਪੱਥਰ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਇਕੱਲੇ ਨਗਰ ਲੌਂਗੋਵਾਲ ਵਿੱਚ 65 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ, ਜੋ ਕਿ ਪੂਰੇ ਪੰਜਾਬ ਵਿੱਚ ਰਿਕਾਰਡ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਵਿਕਾਸ ਕਾਰਜਾਂ ਦੀ ਮੰਗ ਬਹੁਤ ਸਮਾਂ ਪਹਿਲਾਂ ਦੀ ਕੀਤੀ ਜਾ ਰਹੀ ਸੀ ਜਿਸ ਨੂੰ ਅੱਜ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਪਿਛਲੇ 75 ਸਾਲਾਂ ਵਿੱਚ ਨਹੀਂ ਹੋਏ ਉਹ ਅੱਜ ਪਹਿਲ ਦੇ ਆਧਾਰ ਉੱਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੌਂਗੋਵਾਲ 52 ਸ਼ਹੀਦਾਂ ਦੀ ਧਰਤੀ ਹੈ ਜਿਸ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਿਤਾ ਬਾਬੂ ਭਗਵਾਨ ਦਾਸ ਨੇ ਇਹੀ ਸਿੱਖਿਆ ਦਿੱਤੀ ਹੈ ਕਿ ਰਾਜਨੀਤੀ ਵਿੱਚ ਚੰਮ ਨਹੀਂ, ਕੰਮ ਪਿਆਰਾ ਹੋਣਾ ਚਾਹੀਦਾ ਹੈ। ਹਲਕੇ ਵਿੱਚ ਹਰੇਕ ਜ਼ਰੂਰੀ ਕੰਮ ਨੂੰ ਤਰਜੀਹੀ ਤੌਰ ਉੱਤੇ ਪੂਰਾ ਕੀਤਾ ਜਾ ਰਿਹਾ ਹੈ। ਅਗਲੇ ਇੱਕ ਸਾਲ ਵਿੱਚ ਇਲਾਕੇ ਦਾ ਕੋਈ ਵੀ ਕੰਮ ਬਕਾਇਆ ਨਹੀਂ ਰਹੇਗਾ।
ਉਨ੍ਹਾਂ ਜਿੱਥੇ ਇਲਾਕਾ ਵਾਸੀਆਂ ਨੂੰ ਵਧਾਈ ਦਿੱਤੀ ਉਥੇ ਹੀ ਭਵਿੱਖ ਵਿੱਚ ਵੀ ਹਰ ਤਰ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਚੰਗਾ ਬੁਨਿਆਦੀ ਢਾਂਚਾ ਮਿਲਣ ਨਾਲ ਸਮੁੱਚੇ ਹਲਕਾ ਸੁਨਾਮ ਵਿੱਚ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ। ਸਮਾਗਮਾਂ ਦੌਰਾਨ ਪਰਮਿੰਦਰ ਕੌਰ ਬਰਾੜ ਪ੍ਰਧਾਨ ਨਗਰ ਕੌਂਸਲ ਲੌਂਗੋਵਾਲ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।