ਲਹਿਰਾਗਾਗਾ: ਡੀਐੱਸਪੀ ਦਫ਼ਤਰ ਅੱਗੇ ਕਿਸਾਨਾਂ ਨੇ ਧਰਨਾ ਦਿੱਤਾ
ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਅਗਸਤ
ਬੀਕੇਯੂ ਉਗਰਾਹਾਂ ਜਥੇਬੰਦੀ ਦੇ ਬਲਾਕ ਪ੍ਰਧਾਨ ਨੂੰ ਸੋਸ਼ਲ ਮੀਡੀਆ ਅਤੇ ਫੋਨਾਂ ਰਾਹੀਂ ਮਾਰਨ ਦੀਆਂ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਲਹਿਰਾਗਾਗਾ ਬਲਾਕ ਦੇ ਪਿੰਡਾਂ ਵਲੋਂ ਅੱਜ ਡੀਐੱਸਪੀ ਦਫ਼ਤਰ ਲਹਿਰਾ ਦੇ ਗੇਟ ਅੱਗੇ ਸੰਕੇਤ ਧਰਨਾ ਦਿੱਤਾ ਗਿਆ। ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਅਤੇ ਵੱਖ ਵੱਖ ਨੰਬਰਾਂ ਤੋਂ ਫੋਨਾਂ ਰਾਹੀਂ ਅਣਪਛਾਤਿਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੀ ਸ਼ਿਕਾਇਤ ਸਬੰਧਤ ਥਾਣੇ ਅਤੇ ਡੀਐੱਸਪੀ ਦਫਤਰ ਨੂੰ ਕਈ ਵਾਰ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਹੁਣ ਤੱਕ ਨਹੀਂ ਕੀਤੀ ਗਈ। ਬਲਾਕ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਨੇ ਕਿਹਾ ਕਿ ਧਰਨੇ ਨੂੰ ਕਰਨੈਲ ਗਨੋਟਾ, ਬਿੰਦਰ ਖੋਖਰ, ਪ੍ਰੀਤਮ ਲਹਿਲ ਕਲਾਂ, ਹਰਸੇਵਕ ਲਹਿਲ ਖ਼ੁਰਦ, ਸਰਬਜੀਤ ਸ਼ਰਮਾ, ਰਾਮਚੰਦ ਚੋਟੀਆਂ, ਦਰਸ਼ਨ ਕੋਟੜਾ, ਨਿੱਕਾ ਸੰਗਤੀਵਾਲਾ, ਜਸਵੀਰ ਕੌਰ ਲਹਿਲ ਕਲਾਂ, ਪਰਮਜੀਤ ਕੌਰ ਭੁਟਾਲ ਕਲਾਂ ਤੇ ਬਲਜੀਤ ਕੌਰ ਲਹਿਲ ਕਲਾਂ ਨੇ ਸੰਬੋਧਨ ਕੀਤਾ। ਡੀਐੱਸਪੀ ਦੀਪਕ ਰਾਏ ਨੇ ਦੱਸਿਆ ਕਿ ਸਦਰ ਥਾਣੇ ਵਿਚ ਡੀਡੀਆਰ ਦਰਜ ਹੈ। ਅਗਲੀ ਕਾਰਵਾਈ ਜਾਰੀ ਹੈ।