ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਲੈਂਡ ਪੂਲਿੰਗ ਪਾਲਿਸੀ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਵੱਲੋਂ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਸ ਦੌਰਾਨ, ਅੱਜ ਸ਼ਾਮ ਪੰਜਾਬ ਸਰਕਾਰ ਨੇ ਇਸ ਮਾਮਲੇ ’ਚ ਯੂ-ਟਰਨ ਲੈਂਦਿਆਂ ਤੇ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਇਸ ਨੀਤੀ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ, ਜਿਸਦਾ ਕਿਸਾਨਾਂ ਨੇ ਸੁਆਗਤ ਕੀਤਾ ਹੈ। ਇਸ ਤੋਂ ਪਹਿਲਾਂ ਅੱਜ ਮੋਟਰਸਾਈਕਲ ਮਾਰਚ ਦੌਰਾਨ ਕਿਸਾਨਾਂ ਨੇ ਦੋਸ਼ ਲਾਇਆ ਕਿ ਪਿੰਡਾਂ ਦੀਆਂ ਸੱਥਾਂ ਵਿੱਚੋਂ ਚੱਲਣ ਦਾ ਦਾਅਵਾ ਕਰਨ ਵਾਲੀ ਸਰਕਾਰ ਪੰਜਾਬ ਦੇ ਪਿੰਡਾਂ ਨੂੰ ਉਜਾੜਨ ਦੇ ਰਾਹ ਪੈ ਗਈ ਹੈ। ਭਾਕਿਯੂ ਏਕਤਾ ਆਜ਼ਾਦ ਦੇ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਮੋਟਰਸਾਈਕਲ ਮਾਰਚ ਕੱਢਿਆ ਗਿਆ। ਆਗੂਆਂ ਅਨੁਸਾਰ ਸੁਨਾਮ ਦੀ ਅਨਾਜ ਮੰਡੀ ਵਿੱਚ ਇਕੱਠੇ ਹੋਣ ਤੋਂ ਬਾਅਦ ਸੈਂਕੜੇ ਕਿਸਾਨਾਂ ਦੇ ਮੋਟਰਸਾਈਕਲ ਮਾਰਚ ਦਾ ਵੱਡਾ ਕਾਫ਼ਲਾ ਰਵਾਨਾ ਹੋਇਆ ਜੋ ਵਾਇਆ ਸੰਗਰੂਰ ਨੇੜਲੇ ਪਿੰਡ ਸੋਹੀਆਂ, ਮੰਗਵਾਲ ਅਤੇ ਸੰਗਰੂਰ ਸ਼ਹਿਰ ’ਚੋਂ ਗੁਜ਼ਰਦਾ ਹੋਇਆ ਪਿੰਡ ਬਡਰੁੱਖਾਂ ਅਤੇ ਲੌਂਗੋਵਾਲ ’ਚੋਂ ਹੁੰਦਾ ਹੋਇਆ ਚੀਮਾਂ ਮੰਡੀ ’ਚ ਸਮਾਪਤ ਹੋਇਆ।
ਇਸ ਮੌਕੇ ਰੋਸ ਮਾਰਚ ਵਿੱਚ ਯੂਨੀਅਨ ਦੇ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ ਅਤੇ ਸੂਬਾ ਮਹਿਲਾ ਆਗੂ ਬਲਜੀਤ ਕੌਰ ਕਿਲਾਭਰੀਆਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮਾਰਚ ਵਿੱਚ ਜ਼ਿਲ੍ਹਾ ਆਗੂ ਜਸਬੀਰ ਮੈਦੇਵਾਸ, ਸੰਤ ਰਾਮ ਛਾਜਲੀ, ਹੈਪੀ ਨਮੋਲ, ਅਮਰ ਸਿੰਘ ਲੌਂਗੋਵਾਲ, ਸੁਖਦੇਵ ਸ਼ਰਮਾ, ਹਰਦੇਵ ਸਿੰਘ ਕੁਲਾਰ ਅਤੇ ਸੁਖਵਿੰਦਰ ਸਿੰਘ ਪੇਧਨੀ ਆਦਿ ਸ਼ਾਮਲ ਸਨ।
ਬੀਕੇਯੂ (ਏਕਤਾ-ਉਗਰਾਹਾਂ) ਵੱਲੋਂ ਰੋਸ ਰੈਲੀ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਪਾਤੜਾਂ ਦੀਆਂ ਇਕਾਈਆਂ ਨੇ ਲੈਂਡ ਪੂਲਿੰਗ ਨੀਤੀ ਅਤੇ ਬਿਜਲੀ ਸੋਧ ਬਿੱਲ 2025 ਵਿਰੁੱਧ ਮੋਟਰਸਾਈਕਲ ਮਾਰਚ ਕੱਢਿਆ। ਇਸ ਮੌਕੇ ਪਿੰਡ ਨਿਆਲ ਤੋਂ ਪਟਿਆਲਾ ਰੋਡ ਪਾਤੜਾਂ, ਮੇਨ ਬਾਜ਼ਾਰ, ਨਰਵਾਣਾ ਰੋਡ ਅਤੇ ਐੱਸਡੀਐੱਮ ਪਾਤੜਾਂ ਦੇ ਦਫ਼ਤਰ ਸਾਹਮਣੇ ਰੈਲੀ ਕੀਤੀ ਗਈ। ਬੀਕੇਯੂ ਏਕਤਾ ਆਜ਼ਾਦ ਦੇ ਸੂਬਾਈ ਆਗੂ ਮਨਜੀਤ ਸਿੰਘ ਨਿਆਲ ਅਤੇ ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ੍ਹ ਨੇ ਕਿਹਾ ਕਿ ਸੱਤਾ ਉੱਤੇ ਕਾਬਜ਼ ਲੋਕਾਂ ਨੂੰ ਕਾਰਪੋਰੇਟ ਪੱਖੀ ਮਨਸੂਬਿਆਂ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਗੁਰਜੰਟ ਸਿੰਘ, ਗੁਰਜਿੰਦਰ ਸਿੰਘ ਸਧਾਰਨਪੁਰ, ਅਮਰਿੰਦਰ ਸਿੰਘ ਘੱਗਾ, ਰਸ਼ਪਾਲ ਸਿੰਘ ਢੋਟ, ਹਰਪਾਲ ਸਿੰਘ, ਨਿਸ਼ਾਨ ਸਿੰਘ ਬੁਰੜ, ਕੁਲਦੀਪ ਸਿੰਘ ਬਰਾਸ, ਮੁਖਤਿਆਰ ਸਿੰਘ, ਹਰਜੀਤ ਸਿੰਘ ਭੂਤਗੜ, ਸੁਖਵਿੰਦਰ ਸਿੰਘ ਦਫ਼ਤਰੀ ਵਾਲਾ ਅਤੇ ਪ੍ਰਿਤਪਾਲ ਸਿੰਘ ਤੰਬੂ ਵਾਲਾ ਹਾਜ਼ਰ ਸਨ।
ਬਡਰੁੱਖਾਂ, ਬਹਾਦਰਪੁਰ, ਦੁੱਗਾਂ ਤੇ ਕੁੰਨਰਾਂ ’ਚ ਰੈਲੀਆਂ
ਮਸਤੂਆਣਾ ਸਾਹਿਬ (ਸਤਨਾਮ ਸਿੰਘ ਸੱਤੀ): ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਅੱਜ ਨੇੜਲੇ ਪਿੰਡ ਬਡਰੁੱਖਾਂ, ਬਹਾਦਰਪੁਰ, ਦੁੱਗਾਂ ਤੇ ਕੁੰਨਰਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਲੋਕਾਂ ਨੂੰ ਲੈਂਡ ਪੂਲਿੰਗ ਨੀਤੀ ਨੀਤੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਪਿੰਡਾਂ ਵਿੱਚ ਕਿਸਾਨਾਂ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਨੇ ਸੰਬੋਧਨ ਕੀਤਾ। ਇਸ ਮੌਕੇ ਬਲਾਕ ਆਗੂ ਗੁਰਦੀਪ ਸਿੰਘ ਬਡਰੁੱਖਾਂ, ਕਿਰਤੀ ਕਿਸਾਨ ਯੂਨੀਅਨ ਇਕਾਈ ਬਡਰੁੱਖਾਂ ਦੇ ਪ੍ਰਧਾਨ ਅਮਰਜੀਤ ਸਿੰਘ, ਜ਼ਿਲ੍ਹਾ ਆਗੂ ਜੁਝਾਰ ਸਿੰਘ, ਬਹਾਦਰ ਸਿੰਘ, ਇਕਾਈ ਬਹਾਦਰਪੁਰ ਦੇ ਪ੍ਰਧਾਨ ਸਤਵਿੰਦਰ ਸਿੰਘ, ਯੂਥ ਵਿੰਗ ਦੇ ਆਗੂ ਹਰਦੀਪ ਸਿੰਘ, ਇਕਾਈ ਦੁੱਗਾਂ ਦੇ ਪ੍ਰਧਾਨ ਬਲਜੀਤ ਸਿੰਘ, ਭਜਨ ਸਿੰਘ ਅਤੇ ਇਕਾਈ ਕੁੰਨਰਾਂ ਦੇ ਆਗੂ ਬਲਵੀਰ ਸਿੰਘ ਅਤੇ ਸੁਖਦੇਵ ਸਿੰਘ ਨੇ ਵੀ ਸੰਬੋਧਨ ਕੀਤਾ।