ਜ਼ਮੀਨ ਵਿਵਾਦ: ਵੱਡੇ ਭਰਾ ਵੱਲੋਂ ਚਲਾਈ ਗੋਲੀ ਕਾਰਨ ਛੋਟਾ ਜ਼ਖ਼ਮੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਜੂਨ
ਇੱਥੋਂ ਨੇੜਲੇ ਪਿੰਡ ਬਡਰੁੱਖਾਂ ਵਿੱਚ ਬੀਤੀ ਰਾਤ ਦੋ ਸਕੇ ਭਰਾਵਾਂ ਵਿਚਕਾਰ ਜ਼ਮੀਨੀ ਝਗੜੇ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਵੱਡੇ ਭਰਾ ਵੱਲੋਂ ਚਲਾਈ ਗੋਲੀ ਨਾਲ ਛੋਟਾ ਭਰਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਪਹਿਲਾਂ ਸੰਗਰੂਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਡੀ.ਐੱਮ.ਸੀ. ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਉਹ ਜ਼ੇਰੇ ਇਲਾਜ ਹੈ। ਥਾਣਾ ਲੌਂਗੋਵਾਲ ਪੁਲੀਸ ਵੱਲੋਂ ਗੋਲੀ ਚਲਾਉਣ ਵਾਲੇ ਵਿਅਕਤੀ ਖ਼ਿਲਾਫ਼ ਅਧੀਨ ਧਾਰਾ 109 ਬੀਐੱਨਐੱਸ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਦੋਵੇਂ ਭਰਾਵਾਂ ਕੁਲਵਿੰਦਰ ਸਿੰਘ ਅਤੇ ਚਰਨਜੀਤ ਸਿੰਘ ਵਾਸੀਆਨ ਬਡਰੁੱਖਾਂ ਦਾ ਜ਼ਮੀਨ ਦੇ ਕੁੱਝ ਹਿੱਸੇ ਨੂੰ ਲੈ ਕੇ ਆਪਸੀ ਝਗੜਾ ਸੀ। ਸਵੇਰੇ ਭਰਾਵਾਂ ਦੇ ਝਗੜੇ ਨੂੰ ਨਿਪਟਾਉਣ ਲਈ ਪੰਚਾਇਤ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਸੀ। ਪੁਲੀਸ ਅਨੁਸਾਰ ਬੀਤੀ ਰਾਤ ਕੁਲਵਿੰਦਰ ਸਿੰਘ ਆਪਣੀ ਬੰਦੂਕ ਲੈ ਕੇ ਖੇਤ ਚਲਾ ਗਿਆ ਜਿੱਥੇ ਉਹ ਝੋਨਾ ਲਗਾ ਰਹੇ ਮਜ਼ਦੂਰਾਂ ਨੂੰ ਡਰਾਉਣ-ਧਮਕਾਉਣ ਲੱਗਿਆ। ਮੌਕੇ ’ਤੇ ਉਸਦਾ ਭਰਾ ਚਰਨਜੀਤ ਸਿੰਘ ਵੀ ਪੁੱਜਿਆ ਜਿਸਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ। ਇਸ ਦੌਰਾਨ ਕੁਲਵਿੰਦਰ ਸਿੰਘ ਨੇ ਆਪਣੀ ਬੰਦੂਕ ਨਾਲ ਚਰਨਜੀਤ ਸਿੰਘ ਉਪਰ ਗੋਲੀ ਚਲਾ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਚਰਨਜੀਤ ਸਿੰਘ ਨੂੰ ਪਹਿਲਾਂ ਹਸਪਤਾਲ ਸੰਗਰੂਰ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਡੀ.ਐੱਮ.ਸੀ. ਲੁਧਿਆਣਾ ਰੈਫ਼ਰ ਕਰ ਦਿੱਤਾ। ਪੁਲੀਸ ਅਨੁਸਾਰ ਇਸ ਤੋਂ ਪਹਿਲਾਂ ਦਿਨ ’ਚ ਵੀ ਦੋਵਾਂ ਵਿਚਕਾਰ ਜ਼ਮੀਨੀ ਵਿਵਾਦ ਨੂੰ ਲੈ ਕੇ ਤਕਰਾਰ ਹੋ ਗਿਆ ਸੀ। ਮੌਕੇ ’ਤੇ ਪਰਿਵਾਰ ਵੱਲੋਂ ਦੋਵਾਂ ਨੂੰ ਮੌਕੇ ’ਤੇ ਵੱਖੋ-ਵੱਖ ਕਰ ਦਿੱਤਾ ਅਤੇ ਲੜਾਈ-ਝਗੜੇ ਤੋਂ ਬਚਾਅ ਹੋ ਗਿਆ।
ਇਸ ਦੌਰਾਨ ਥਾਣਾ ਲੌਂਗੋਵਾਲ ਦੇ ਐੱਸ.ਐੱਚ.ਓ. ਬਲਵੰਤ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਵਾਸੀ ਬਡਰੁੱਖਾਂ ਖ਼ਿਲਾਫ਼ 109 ਬੀਐੱਨਐੱਸ ਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਜਿਸਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਕੁਲਵਿੰਦਰ ਸਿੰਘ ਸਾਬਕਾ ਫ਼ੌਜੀ ਹੈ ਜੋ ਪਿਛਲੇ ਮਹੀਨੇ ਹੀ ਸਰਕਾਰੀ ਅਧਿਆਪਕ ਦੀ ਨੌਕਰੀ ਤੋਂ ਸੇਵਾਮੁਕਤ ਹੋਇਆ ਹੈ।