ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਮੀਟਿੰਗ
ਪੱਤਰ ਪ੍ਰੇਰਕ
ਭਵਾਨੀਗੜ੍ਹ, 23 ਜਨਵਰੀ
ਇੱਥੇ ਗੁਰਦੁਆਰਾ ਰਵਿਦਾਸ ਭਗਤ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਬਲਾਕ ਪੱਧਰੀ ਮੀਟਿੰਗ ਮੀਟਿੰਗ ਕੀਤੀ ਗਈ। ਇਸ ਸਬੰਧੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਬਲਾਕ ਆਗੂ ਗੁਰਚਰਨ ਸਿੰਘ ਘਰਾਚੋਂ ਨੇ ਦੱਸਿਆ ਕਿ ਮੀਟਿੰਗ ਵਿੱਚ ਜ਼ਮੀਨ ਹੱਦਬੰਦੀ ਕਾਨੂੰਨ 1972 ਨੂੰ ਲਾਗੂ ਕਰਵਾਉਣ ਅਤੇ ਜ਼ੋਨਲ ਪੱਧਰੀ ਸੱਦੇ ਤਹਿਤ ਸੰਗਰੂਰ ਨੇੜੇ ਬੇਚਿਰਾਗ ਪਿੰਡ ਦੀ ਜਮੀਨ ਵਿੱਚ 28 ਫਰਵਰੀ ਨੂੰ ਦੀਵਾ ਲਾਉਣ ਦੇ ਪ੍ਰੋਗਰਾਮ ਦੀ ਤਿਆਰੀ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਬਿਨਾਂ ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੀ ਮਾਲਕੀ ਅਤੇ ਮਨਰੇਗਾ ਸਬੰਧੀ ਪਿੰਡਾਂ ਵਿੱਚ ਆਉਂਦੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੀ ਤਿਆਰੀ ਲਈ 35 ਪਿੰਡਾਂ ਵਿੱਚ ਮੀਟਿੰਗਾਂ ਕਰਨ ਅਤੇ ਹੱਥ ਪਰਚੇ ਵੰਡਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਦਲਿਤਾਂ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ, ਦੂਜੇ ਪਾਸੇ ਬੇਚਿਰਾਗ ਪਿੰਡ ਵਿੱਚ ਸੈਂਕੜੇ ਏਕੜ ਜ਼ਮੀਨ ਬਿਨਾਂ ਵਸੋਂ ਤੋਂ ਪਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਜ਼ਮੀਨ ਨੂੰ ਬੇਜ਼ਮੀਨੇ ਲੋਕਾਂ ਅਤੇ ਛੋਟੇ ਕਿਸਾਨਾਂ ਵਿੱਚ ਵੰਡਿਆ ਜਾਵੇ। ਮੀਟਿੰਗ ਵਿੱਚ ਸੁਖਵਿੰਦਰ ਸਿੰਘ ਬਟੜਿਆਣਾ, ਰਾਮਕਰਨ ਸਿੰਘ, ਬੁੱਧ ਸਿੰਘ ਸੰਗਤਪੁਰਾ, ਤਰਸੇਮ ਘਰਾਚੋਂ, ਪਾਲਾ ਸਿੰਘ, ਸੁਰਜਣ ਸਿੰਘ ਬਾਲਦ ਕਲਾਂ, ਵਿੱਕੀ ਕਪਿਆਲ, ਮਲਕੀਤ ਸਿੰਘ ਜੌਲੀਆਂ ਅਤੇ ਸਤਨਾਮ ਸਿੰਘ ਹਾਜ਼ਰ ਸਨ।