ਧੂਰੀ ਦੇ ਵਾਰਡ-21 ’ਚ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੀ ਘਾਟ
ਧੂਰੀ ਦੇ ਵਾਰਡ-21 ਵਿੱਚ ਨਾਕਸ ਨਿਕਾਸੀ ਪ੍ਰਬੰਧਾਂ ਕਾਰਨ ਖਸਤਾ ਹਾਲ ਦੌਲਤਪੁਰ ਰੋਡ ਦੀ ਹਾਲਤ ਸੁਧਾਰਨ ਦੀ ਮੰਗ ਲਈ ਅੱਜ ਮੁਹੱਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੋਕਾਂ ਨੂੰ ਸੰਬੋਧਨ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਕਾਮਰੇਡ ਜਗਤਾਰ ਸਿੰਘ ਸਮਰਾ ਨੇ ਦੱਸਿਆ ਕਿ ਬਰਸਾਤੀ ਪਾਣੀ ਨਾਲ ਸੜਕ ਟੋਭੇ ਦਾ ਰੂਪ ਧਾਰ ਲੈਂਦੀ ਹੈ ਤੇ ਇੱਥੋਂ ਲੋਕਾਂ ਦਾ ਲੰਘਣਾਂ ਮੁਸ਼ਕਲ ਹੋ ਜਾਂਦਾ ਹੈ। ਮੀਂਹ ਮਗਰੋਂ ਕਈ-ਕਈ ਦਿਨ ਖੜ੍ਹਦੇ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਹਰ ਸਮੇਂ ਬਣਿਆ ਰਹਿੰਦਾ ਹੈ ਪਰ ਹੈਰਾਨੀਜਨਕ ਮੁੱਖ ਮੰਤਰੀ ਦਾ ਆਪਣਾ ਸ਼ਹਿਰ ਹੋਣ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀ ਕੁੰਭਕਰਨੀ ਨੀਂਦ ਵਿੱਚ ਹਨ। ਬੁਲਾਰਿਆਂ ਨੇ ਦੱਸਿਆ ਕਿ ਇਸੇ ਸੜਕ ਰਾਹੀਂ ਜਿੱਥੇ ਵੱਡੀ ਗਿਣਤੀ ਲੋਕਾਂ ਦਾ ਬਾਬਾ ਬੰਸਰੀ ਵਾਲਾ ਧਾਰਮਿਕ ਸਥਾਨ ’ਤੇ ਆਉਣ ਜਾਣ ਹੈ, ਉਥੇ ਮਾਡਰਨ ਸੈਕੂਲਰ ਪਬਲਿਕ ਸਕੂਲ ਦੇ ਸੈਂਕੜੇ ਵਿਦਿਆਰਥੀ ਵੱਖ-ਵੱਖ ਵਾਹਨਾਂ ’ਤੇ ਇਸੇ ਸੜਕ ਤੋਂ ਲੰਘਦੇ ਹਨ, ਜਦੋਂਕਿ ਇਸੇ ਸੜਕ ਦੇ ਨਾਲ ਆਈਟੀਆਈ ਸਮੇਤ ਹੋਰ ਵਿਦਿਅਕ ਅਦਾਰੇ ਵੀ ਹਨ। ਪਾਣੀ ਦੀਆਂ ਭਰੀਆਂ ਸੜਕਾਂ ਨੇ ਮੁਹੱਲਾ ਵਾਸੀਆਂ ਤੇ ਰਾਹਗੀਰਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਕਾਮਰੇਡ ਸਮਰਾ ਨੇ ਦੱਸਿਆ ਕਿ ਕਈ ਮਹੀਨੇ ਪਹਿਲਾਂ ਸੜਕ ਦਾ ਟੈਂਡਰ ਹੋਣ ਦਾ ਦਾਅਵਾ ਕਰਦਿਆਂ ਕੰਮ ਦੇ ਸ਼ੁਭ ਆਗਾਜ਼ ਦੇ ਦਾਅਵੇ ਕੀਤੇ ਜਾਣ ਦੇ ਬਾਵਜੂਦ ਇੱਥੇ 18 ਫੁੱਟੀ ਸੜਕ ਦਾ ਹਾਲੇ ਕੋਈ ਨਾਮੋ-ਨਿਸ਼ਾਨ ਦਿਖਾਈ ਨਹੀਂ ਦੇ ਰਿਹਾ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਇੱਥੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰਕੇ ਇਸ ਸੜਕ ਨੂੰ ਕੰਕਰੀਟ ਦੀ ਬਣਾਇਆ ਜਾਵੇ।
ਸੜਕ ਬਣਾਉਣ ਦਾ ਟੈਂਡਰ ਹੋਇਆ: ਦਲਵੀਰ ਸਿੰਘ ਢਿੱਲੋਂ
ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਇਸ ਜਗ੍ਹਾ ’ਤੇ ਵਧੀਆ ਸੜਕ ਬਣਾਉਣ ਲਈ ਬਾਕਾਇਦਾ ਟੈਂਡਰ ਹੋ ਚੁੱਕਾ ਹੈ ਅਤੇ ਜਦੋਂ ਸੜਕ ਬਣ ਗਈ ਤਾਂ ਲੋਕ ਉਸ ਦੀ ਸ਼ਲਾਘਾ ਕਰਨਗੇ। ਉਨ੍ਹਾਂ ਪਾਣੀ ਦੀ ਨਿਕਾਸੀ ਦੇ ਵੀ ਯੋਗ ਪ੍ਰਬੰਧ ਕੀਤੇ ਜਾਣ ਦਾ ਭਰੋਸਾ ਦਿੱਤਾ।