ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿੰਡ ਖੋਖਰ ਤੋਂ ਨੰਗਲਾ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਵਾ ਕੇ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਜਾਵੇਗਾ। ਹਰਪਾਲ ਸਿੰਘ ਚੀਮਾ ਡਾ. ਦੇਵਰਾਜ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਖਾਈ ਵਿੱਚ ਇੱਕ ਸਮਾਰੋਹ ਦੌਰਾਨ ਸਕੂਲ ਦੇ ਐੱਮਡੀ ਪ੍ਰਵੀਨ ਖੋਖਰ ਤੇ ਪ੍ਰਧਾਨ ਲੱਕੀ ਖੋਖਰ ਦੇ ਸਵਾਲ ਦਾ ਜਵਾਬ ਦੇ ਰਹੇ ਸਨ। ਸਕੂਲ ਪ੍ਰਬੰਧਕਾਂ ਨੇ ਵਿੱਤ ਮੰਤਰੀ ਅੱਗੇ ਇਹ ਮੰਗ ਰੱਖਦਿਆਂ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਨਾ ਸਿਰਫ਼ ਇਨ੍ਹਾਂ ਦੋਵੇਂ ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲੇਗਾ ਸਗੋਂ ਇਲਾਕੇ ਦੇ ਪਿੰਡ ਗੰਢੂਆਂ, ਭੈਣੀ, ਜਖੇਪਲ, ਸੰਗਤਪੂਰਾ, ਲਦਾਲ, ਹਰਿਆਊ, ਡਸਕਾ ਆਦਿ ਦੇ ਪਿੰਡਾਂ ਨੂੰ ਦਿੜ੍ਹਬਾ ਆਉਣ-ਜਾਣ ਲਈ ਘੱਟ ਦੂਰੀ ਤੈਅ ਕਰਨੀ ਪਵੇਗੀ।